ਪਟਿਆਲਾ, 15 ਸਤੰਬਰ – ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਖ਼ੁਦਕੁਸ਼ੀ ਰੋਕਥਾਮ ਸਬੰਧੀ ਕੌਮਾਂਤਰੀ ਦਿਵਸ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਕੇਂਦਰ ਦੇ ਡਾਇਰੈਕਟਰ ਡਾ. ਹਰਪ੍ਰੀਤ ਕੌਰ, ਜੋ ਮਨੋਵਿਗਿਆਨ ਵਿਭਾਗ ਦੇ ਅਧਿਆਪਕ ਹਨ, ਨੇ ‘ਖ਼ੁਦਕੁਸ਼ੀ ਰੋਕਥਾਮ: ਮਨੋਵਿਗਿਆਨਕ ਮੁੱਢਲੀ ਸਹਾਇਤਾ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਨੌਜਵਾਨ ਪੀੜ੍ਹੀ ਵਿੱਚ ਮਾਨਸਿਕ ਸਿਹਤ ਦੀ ਮਹੱਤਤਾ ਅਤੇ ਖ਼ੁਦਕੁਸ਼ੀ ਦੀ ਰੋਕਥਾਮ ਵਿਸ਼ੇ ਦੇ ਵੱਖ-ਵੱਖ ਪੱਖਾਂ ਉੱਤੇ ਚਾਨਣਾ ਪਾਇਆ। ਖੁਦਕੁਸ਼ੀ ਦੇ ਵਿਚਾਰ ਤੋਂ ਲੈ ਕੇ ਸਵੈ-ਨੁਕਸਾਨ ਤੱਕ ਦੇ ਸੰਕੇਤਾਂ, ਕਾਰਨਾਂ ਅਤੇ ਪੜਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਪੀਅਰ ਸਪੋਰਟ, ਵਾਲੰਟੀਅਰ ਦੀ ਭੂਮਿਕਾ ਅਤੇ ਸੰਯੁਕਤ ਰਾਸ਼ਟਰ ਦੇ ‘ਸਾਈਕੋਲੋਜੀਕਲ ਫਸਟ ਏਡ ਮਾਡਲ’ ਦੀ ਵਿਆਖਿਆ ਕੀਤੀ, ਜਿਨ੍ਹਾਂ ਦੀ ਮਦਦ ਨਾਲ ਕਿਸੇ ਵਿਅਕਤੀ ਨੂੰ ਜੀਵਨ ਵਿੱਚ ਅਜਿਹਾ ਕਦਮ ਚੁੱਕਣ ਤੋਂ ਰੋਕਿਆ ਜਾ ਸਕਦਾ ਹੈ।
ਸਮਾਗਮ ਦੇ ਅੰਤ ਵਿੱਚ ਇਸ ਕੇਂਦਰ ਦੇ ਫੀਲਡ ਇਨਵੈਸਟੀਗੇਟਰ ਡਾ. ਅਮਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ।