ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ ‘ਵੀਚਾਰ’  ਦਾ ਤੀਜਾ ਅੰਕ ਕੀਤਾ ਰਿਲੀਜ਼

ਪਟਿਆਲਾ, 27 ਦਸੰਬਰ –‘ਸਿਰਜਣਾਤਮਕ ਰੁਚੀਆਂ ਦਾ ਵਿਕਾਸ ਕਰਨ ਪੱਖੋਂ ਵਿਦਿਆਰਥੀ ਮੈਗਜ਼ੀਨ ਦਾ ਪ੍ਰਕਾਸ਼ਨ ਇੱਕ ਅਹਿਮ ਕਦਮ ਹੈ।’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ ‘ਵੀਚਾਰ’ ਦਾ ਤੀਜਾ ਅੰਕ ਰਿਲੀਜ਼ ਕਰਨ ਸਮੇਂ ਪ੍ਰਗਟਾਏ ਗਏ।
ਉਨ੍ਹਾਂ ਕਾਲਜ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਬਦਲਦੇ ਸਮੇਂ ਨਾਲ਼ ਸਾਨੂੰ ਇਸ ਤਰਾਂ ਦੇ ਵੱਖ-ਵੱਖ ਯਤਨ ਕਰਦੇ ਰਹਿਣਾ ਚਾਹੀਦਾ ਹੈ  ਜਿਸ ਨਾਲ਼ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੋਵੇ।
ਇਸ ਮੌਕੇ ਡਾਇਰੈਕਟਰ ਕਾਂਸਟੀਚੂਐਂਟ ਕਾਲਜ ਡਾ. ਅਮਰਇੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਡਾ ਜਸਵਿੰਦਰ ਬਰਾੜ, ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ, ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਆਦਿ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ।
ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਮਕਸਦ ਹੈ ਕਿ ਵਿਦਿਆਰਥੀ ਸਿਰਫ਼ ਸਿਲੇਬਸ ਗਿਆਨ ਤੱਕ ਸੀਮਤ ਨਾ ਰਹਿਣ ਸਗੋਂ ਇਕ ਵਿਵੇਕਸ਼ੀਲ ਅਤੇ ਸੂਝਵਾਨ ਨਾਗਰਿਕ ਬਣਨ। ਇਸ ਲਈ ਵਿਦਿਆਰਥੀਆਂ ਦਾ ਪੁਸਤਕਾਂ ਅਤੇ ਸਿਰਜਣਾ ਨਾਲ ਜੁੜਨਾ ਜ਼ਰੂਰੀ ਹੈ। ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਰਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਮੈਗਜ਼ੀਨ ਦੇ ਵੱਖ-ਵੱਖ ਪੰਜ ਸੈਕਸ਼ਨ ਹਨ ਜਿਸ ਅਨੁਸਾਰ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਵੰਡਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿਚ ਨੌਜਵਾਨ ਪਾਪੂਲਰ ਮੀਡੀਆ ਅਤੇ ਬਾਜ਼ਾਰ ਦੇ ਅਸਰ ਹੇਠ ਹੈ। ਉਸ ਤੋਂ ਆਪਣੀ ਮੌਲਿਕ ਸਮਝ ਅਤੇ ਸੰਵੇਦਨਾ ਖੁੱਸ ਰਹੀ ਹੈ। ਇਸ ਲਈ ਸਮਾਜ ਦੇ ਨੌਜਵਾਨਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਗਿਆਨ ਅਤੇ ਮੌਲਿਕ ਸਮਝ ਨਾਲ ਜੋੜਨ ਦੀ ਲੋੜ ਹੈ। ਇਸ ਯਤਨ ਵਿਚੋਂ ਹੀ ਇਸ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਗਈ ਸੀ।
Scroll to Top