ਪਟਿਆਲਾ: 7 ਅਪਰੈਲ, 2026 – ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਸਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ।ਇਸ ਕੰਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਪ੍ਰੋ. (ਡਾ.) ਰਤਨ ਸਿੰਘ, ਵਾਈਸ ਚਾਂਸਲਰ, ਜਗਤ ਗੁਰੁ ਨਾਨਕ ਦੇਵ ਪੰਜਾਬ ਸਟੇਟ ਉਪਨ ਯੂਨੀਵਰਸਿਟੀ, ਪਟਿਆਲਾ ਸ਼ਾਮਿਲ ਹੋਏ ਤੇ ਵਿਸ਼ੇਸ਼ ਮਹਿਮਾਨ ਵੱਜੋਂ ਡਾ.ਜਸਵਿੰਦਰ ਸਿੰਗ ਬਰਾੜ੍ਹ, ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ। ਕੰਨਵੋਕੇਸ਼ਨ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਹੋਈ ਅਤੇ ਕਾਲਜ ਦੇ ਐਨ.ਸੀ.ਸੀ.ਵਿੰਗਾਂ ਨੇ ਮੁੱਖ ਮਹਿਮਾਨਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ।
ਕਾਲਜ ਪਿੰਸੀਪਲ ਡਾ. ਨੀਰਜ ਗੋਇਲ ਨੇ ਇਸ ਮੌਕੇ ਮੁੱਖ-ਮਹਿਮਾਨ, ਵਿਸ਼ੇਸ ਮਹਿਮਾਨ ਦਾ ਸਵਾਗਤ ਕਰਦਿਆਂ ਅਤੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਾਲਜ ਦੀਆ ਵਿਦਿਅਕ, ਖੇਡਾਂ ਅਤੇ ਸਹਿ-ਪਾਠਕ੍ਰਮ ਆਧਾਰਿਤ ਗਤੀਵਿਧੀਆਂ ਦੇ ਖੇਤਰ ਵਿੱਚ ਕੀਤੀਆ ਪ੍ਰਾਪਤੀਆਂ ਬਾਰੇ ਇੱਕ ਸੰਖੇਪ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਮੋਦੀ ਕਾਲਜ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ ਵਿਸ਼ਵ-ਪੱਧਰੀ ਸੁਵਿਧਾਵਾਂ ਮੁਹੱਈਆ ਕਰਵਾ ਰਿਹਾ ਹੈ ਸਗੋਂ ਉਹਨਾਂ ਨੂੰ ਭਵਿੱਖ ਦੇ ਰਾਸ਼ਟਰ ਨਿਰਮਾਤਾਵਾਂ ਅਤੇ ਜ਼ਿੰਮੇਵਾਰ ਨਾਗਰਿਕਾਂ ਵੱਜੋਂ ਤਿਆਰ ਕਰਨ ਲਈ ਵੀ ਵਚਨਬੱਧ ਹੈ।
ਇਸ ਮੌਕੇ ਤੇ ਗਰੈਜੂਏਟ ਅਤੇ ਪੋਸਟ- ਗਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਪ੍ਰੋ. (ਡਾ.) ਰਤਨ ਸਿੰਘ ਨੇ ਕਿਹਾ ਨਵੇਂ ਸਿੱਖਿਆਂ-ਢਾਂਚਿਆਂ ਅਤੇ ਗਿਆਨ-ਪੱਧਤੀਆਂ ਕਾਰਣ ਤਕਨੀਕੀ ਖੇਤਰਾਂ, ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਸੰਚਾਰ ਦੇ ਖੇਤਰਾਂ ਵਿੱਚ ਆਪਾਰ ਮੌਕੇ ਤੇ ਸੰਭਾਵਨਾਵਾਂ ਪੈਦਾ ਹੋਈਆਂ ਹਨ ਜਿਹਨਾਂ ਦਾ ਇਸਤੇਮਾਲ ਮਨੁੱਖਤਾ ਨੂੰ ਦਰਪੇਸ਼ ਚਣੌਤੀਆਂ ਨੂੰ ਹੱਲ ਕਰਨ ਅਤੇ ਸਮਾਜਿਕ ਤਬਦੀਲੀ ਲਿਆਉਣ ਲਈ ਕੀਤਾ ਜਾਣਾ ਚਾਹੀਦਾ ਹੈ।
ਵਿਸ਼ੇਸ ਮਹਿਮਾਨ ਵੱਜੋਂ ਬੋਲਦਿਆ ਡਾ. ਜਸਵਿੰਦਰ ਸਿੰਘ ਬਰਾੜ੍ਹ ਨੇ ਕਿਹਾ ਕਿ ਆਧੁਨਿਕ ਸੂਚਨਾ ਮਾਧਿਅਮਾਂ ਦੁਆਰਾ ਇੰਨੀ ਵੱਡੀ ਪੱਧਰ ਤੇ ਸੂਚਨਾ ਭੰਡਾਰਾਂ ਨੂੰ ਉਪਲਬਧ ਕਰਵਾਏ ਜਾਣ ਦੇ ਇਸ ਦੌਰ ਵਿੱਚ ਸਮਾਜਿਕ ਤੌਰ ਤੇ ਅਹਿਮ ਜਾਣਕਾਰੀ ਅਤੇ ਗਿਆਨ ਨੂੰ ਗ੍ਰਹਿਣ ਕਰਨਾ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਿੱਥੇ ਟੀਚਿਆਂ ਤੇ ਪਹੁੰਚ ਸਕੀਏ ਅਤੇ ਜੀਵਣ-ਮੁੱਲਾਂ ਦਾ ਨਿਭਾਅ ਇਮਾਨਦਾਰੀ ਨਾਲ ਕਰ ਸਕੀਏ।