ਮੋਗਾ, 20 ਦਸੰਬਰ : ਮੋਗਾ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਦੇ ਰੈਕੇਟ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 52 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਪੁਲਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਸ਼ੀ ਦੀ ਪਹਿਚਾਣ ਗੁਰਦੀਪ ਸਿੰਘ ਉਰਫ਼ ਸੋਨੂੰ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਰਾਜਾਂਵਾਲਾ, ਥਾਣਾ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਉਨਾ ਦਸਿਆ ਕਿ ਸਾਨੂੰ ਕਿਸੇ ਮੁਖਬਰ ਖ਼ਾਸ ਵੱਲੋਂ ਸੂਚਨਾ ਮਿਲੀ ਕਿ ਇੱਕ ਵਿਅਕਤੀ ਚਿੱਟੀ ਰੰਗ ਦੀ ਬਲੈਰੋ ਕੈਂਪਰ ਗੱਡੀ ’ਚ ਸਵਾਰ ਹੋ ਕੇ ਆ ਰਿਹਾ ਹੈ, ਜੋ ਅਕਸਰ ਨਕਲੀ ਕਰੰਸੀ ਚਲਾਉਣ ਵਿੱਚ ਸ਼ਾਮਲ ਰਹਿੰਦਾ ਹੈ, ਜਿਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,
ਜਿਸਦੇ ਕਬਜ਼ੇ ਵਿਚੋਂ 500 ਰੁਪਏ ਦੇ 104 ਨਕਲੀ ਨੋਟ ਬਰਾਮਦ ਹੋਏ ਹਨ, ਜਿਨ੍ਹਾਂ ਦੀ ਕੁੱਲ ਰਕਮ 52 ਹਜ਼ਾਰ ਰੁਪਏ ਬਣਦੀ ਹੈ।ਇਸ ਮਾਮਲੇ ਸਬੰਧੀ ਥਾਣਾ ਸਿਟੀ ਮੋਗਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ ਗਈ ਹੈ। ਪੁਲਿਸ ਵੱਲੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਕਲੀ ਕਰੰਸੀ ਕਿੱਥੋਂ ਲਿਆਈ ਗਈ ਸੀ ਅਤੇ ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।