ਆਊਟਸੋਰਸ ਕਰਮਚਾਰੀਆਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ‘ਤੇ ਕੀਤਾ ਮੰਤਰੀ ਦੇ ਦਫ਼ਤਰ ਦੇ ਘਿਰਾਓ ਦਾ ਐਲਾਨ
ਪਟਿਆਲਾ, 14 ਮਾਰਚ :
ਆਊਟਸੋਰਸ ਕਰਮਚਾਰੀਆਂ ਨੇ ਅੱਜ ਤਨਖਾਹਾਂ ਨਾ ਮਿਲਣ ਦੇ ਰੋਸ਼ ਵਜੋਂ ਰਾਜਿੰਦਰਾ ਹਸਪਤਾਲ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ 10 ਮਾਰਚ ਨੂੰ ਆਊਟਸੋਰਸ ਕਰਮਚਾਰੀਆਂ (ਸਫ਼ਾਈ ਸੇਵਕਾਂ) ਵੱਲੋਂ ਰੈਲੀ ਦੌਰਾਨ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾਕਟਰ ਹਰਜਿੰਦਰ ਸਿੰਘ ਨੇ ਕਰਮਚਾਰੀ ਆਗੂਆਂ ਨੂੰ 31 ਦਸੰਬਰ ਤੋਂ ਖਤਮ ਹੋਏ ਕੰਟਰੈਕਟ ਨੂੰ ਕੰਟੀਨਿਊ ਕਰਕੇ 13 ਮਾਰਚ ਤੱਕ ਸਫ਼ਾਈ ਸੇਵਕਾਂ ਨੂੰ ਤਨਖਾਹਾਂ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਕਰਮਚਾਰੀਆਂ ਨੂੰ ਤਨਖਾਹਾਂ ਅਜੇ ਤੱਕ ਵੀ ਨਹੀਂ ਮਿਲੀਆਂ, ਜਿਸ ਕਾਰਨ ਕਰਮਚਾਰੀਆਂ ਅੰਦਰ ਬਹੁਤ ਰੋਸ਼ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਅਜੇ ਨਾ ਹੀ ਤਨਖਾਹ ਮਿਲ਼ਣ ਦੀ ਕੋਈ ਉਮੀਦ ਹੈ।ਂ ਇਸ ਕਾਰਨ ਇੱਕ ਵਾਰ ਫਿਰ ਅੱਜ ਦਰਜਾ ਚਾਰ ਕਰਮਚਾਰੀ ਯੂਨੀਅਨ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਵੱਲੋਂ ਰਾਮ ਕਿਸ਼ਨ ਚੇਅਰਮੈਨ ਜੁਆਇੰਟ ਐਕਸ਼ਨ ਕਮੇਟੀ, ਸਵਰਨ ਸਿੰਘ ਬੰਗਾ ਪ੍ਰਧਾਨ,ਅਜੈ ਕੁਮਾਰ ਸੀਪਾ, ਅਰੁਨ ਕੁਮਾਰ, ਬਲਜਿੰਦਰ ਸਿੰਘ ਦੀ ਅਗਵਾਈ ਹੇਠ ਆਊਟਸੋਰਸ ਕਰਮਚਾਰੀਆਂ (ਸਫ਼ਾਈ ਸੇਵਕਾਂ) ਦੀ ਹਮਾਇਤ ਕਰਦਿਆਂ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਦਫਤਰ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਰੋਸ ਰੈਲੀ ਨੂੰ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਦੇ ਦਫ਼ਤਰ ਧਰਨਾ ਲਾਇਆ ਤੇ ਪ੍ਰਿੰਸੀਪਲ ਡਾਇਰੈਕਟਰ ਨਾਲ ਆਗੂਆਂ ਦੀ ਗੱਲਬਾਤ ਹੋਈ ਪ੍ਰੰਤੂ ਆਗੂਆਂ ਦੀ ਤਸੱਲੀ ਨਹੀਂ ਹੋਈ, ਜਿਸ ‘ਤੇ ਸੰਘਰਸ਼ ਨੂੰ ਤੇਜ਼ ਕਰਦਿਆਂ ਕੱਲ੍ਹ 15 ਮਾਰਚ ਨੂੰ ਸਿਹਤ ਮੰਤਰੀ ਦੇ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ।
ਆਗੂਆਂ ਨੇ ਕਿਹਾ ਕਿ ਨਾ ਤਾਂ ਸਰਕਾਰ ਨਾ ਹਸਪਤਾਲ ਪ੍ਰਸ਼ਾਸਨ ਅਤੇ ਨਾ ਹੀ ਮੈਡੀਕਲ ਕਾਲਜ ਪ੍ਰਸ਼ਾਸਨ ਹਸਪਤਾਲ ਅਤੇ ਕਰਮਚਾਰੀਆਂ ਦੀ ਭਲਾਈ ਜਾਂ ਉਨ੍ਹਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਸੰਜੀਦਾ ਨਹੀਂ ਹੈ। ਅਸੀਂ ਵਾਰ ਵਾਰ ਕਰਮਚਾਰੀਆਂ ਦੀਆਂ ਮੰਗਾਂ ਅਤੇ ਹਸਪਤਾਲ ਦੀ ਭਲਾਈ ਲਈ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਅਪੀਲਾਂ ਕਰ ਰਹੇ ਹਾਂ, ਮੰਗ ਪੱਤਰ ਦੇ ਰਹੇ ਹਾਂ ਪਰੰਤੂ ਕਿਸੇ ਵੀ ਪੱਧਰ ਤੇ ਗੰਭੀਰਤਾ ਦਿਖਾਈ ਨਹੀਂ ਦਿੱਤੀ ਹਮੇਸ਼ਾ ਲਾਰੇ ਲੱਪੇ ਵਾਲੇ ਲੋਲੀਪੋਪ ਹੀ ਮਿਲੇ। ਅੱਜ ਦੀ ਰੈਲੀ ਨੂੰ ਮੁੱਖ ਤੌਰ ਤੇ ਰਾਜੇਸ਼ ਕੁਮਾਰ ਗੋਲੂ,ਰਾਜਨ ਅਟਵਾਲ, ਰਾਮ ਬਾਬੂ, ਮਹਿੰਦਰ ਸਿੰਘ ਸਿੱਧੂ, ਮੁਕੇਸ਼ ਕੁਮਾਰ, ਭੋਲਾ ਭਲਵਾਨ, ਕਿਸ਼ੋਰ ਕੁਮਾਰ ਟੋਨੀ, ਅਮਨ ਕੁਮਾਰ, ਸੁਰਿੰਦਰਪਾਲ ਦੁੱਗਲ ਆਦਿ ਨੇ ਸੰਬੋਧਨ ਕੀਤਾ।