ਪਟਿਆਲਾ, 24 ਨਵੰਬਰ — ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਅੱਜ ਸਵੇਰੇ ਸ਼ਹਿਰ ਦੀਆਂ ਮੂਲ ਸੁਵਿਧਾਵਾਂ ਅਤੇ ਪਾਣੀ ਸਪਲਾਈ ਪ੍ਰਣਾਲੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਏ-ਟੈਂਕ ਵਿਖੇ ਸਥਿਤ ਵਾਟਰ ਸਪਲਾਈ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ।
ਮੇਅਰ ਗੋਗੀਆ ਨੇ ਸਭ ਤੋਂ ਪਹਿਲਾਂ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ ਅਤੇ ਡਿਊਟੀ ‘ਤੇ ਮੌਜੂਦ ਸਟਾਫ਼ ਅਤੇ ਗੈਰ-ਹਾਜ਼ਰ ਕਰਮਚਾਰੀਆਂ ਦੀ ਵਿਸਥਾਰ ਨਾਲ ਲਿਸਟ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਦੌਰੇ ਦੌਰਾਨ ਉਨ੍ਹਾਂ ਨੇ ਸਟੋਰ ਸੈਕਸ਼ਨ ਦੀ ਖ਼ਾਸ ਜਾਂਚ ਕੀਤੀ, ਜਿਸ ਵਿੱਚ ਪਾਣੀ ਸਪਲਾਈ ਨਾਲ ਜੁੜੇ ਸਮਾਨ, ਮਸ਼ੀਨਰੀ, ਪਾਈਪ, ਮੁਰੰਮਤ ਸਮੱਗਰੀ ਅਤੇ ਰਿਕਾਰਡ ਰਜਿਸਟਰਾਂ ਦੀ ਉਪਲਬਧਤਾ ਦੀ ਤਸਦੀਕ ਕੀਤੀ। ਮੇਅਰ ਨੇ ਕਿਹਾ ਕਿ ਪਾਣੀ ਸਪਲਾਈ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸਿੱਧੀ ਤਰ੍ਹਾਂ ਜੁੜੀ ਸੇਵਾ ਹੈ, ਇਸ ਲਈ ਰਿਕਾਰਡ, ਸਟਾਕ ਅਤੇ ਮੁਰੰਮਤ ਪ੍ਰਣਾਲੀ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਘੁੰਮ-ਘੁੰਮ ਕੇ ਹਰ ਸੈਕਸ਼ਨ ਦੀ ਜਾਂਚ ਕੀਤੀ ਅਤੇ ਕਈ ਮਹੱਤਵਪੂਰਨ ਨਿਰਦੇਸ਼ ਦਫ਼ਤਰੀ ਕਰਮਚਾਰੀਆਂ ਨੂੰ ਸਿੱਧੇ ਤੌਰ ‘ਤੇ ਜਾਰੀ ਕੀਤੇ।
ਇਸ ਮੌਕੇ ਮੇਅਰ ਗੋਗੀਆ ਨੇ ਕਿਹਾ ਕਿ ਜਨਤਾ ਨੂੰ ਨਿਰੰਤਰ ਅਤੇ ਪਾਰਦਰਸ਼ੀ ਪਾਣੀ ਸਪਲਾਈ ਪ੍ਰਦਾਨ ਕਰਨਾ ਨਗਰ ਨਿਗਮ ਦੀ ਪਹਿਲੀ ਪ੍ਰਾਥਮਿਕਤਾ ਹੈ। ਸ਼ਿਕਾਇਤਾਂ, ਲਾਈਨ ਲੀਕੇਜ਼ ਅਤੇ ਮੁਰੰਮਤ ਕਾਰਜਾਂ ਵਿੱਚ ਦੇਰੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਜਿੱਥੇ ਲੋੜ ਹੋਵੇ, ਤੁਰੰਤ ਕਾਰਵਾਈ ਕਰਨ ਅਤੇ ਜਨਤਾ ਨੂੰ ਸਹੂਲਤਾਂ ਸੁਨਿਸ਼ਚਿਤ ਬਣਾਉਣ ਲਈ ਕਰਮਚਾਰੀਆਂ ਨੂੰ ਚੇਤਾਵਨੀ ਜਾਰੀ ਕੀਤੀ।
ਦੌਰੇ ਦੇ ਅੰਤ ‘ਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਥਾਨਾਂ ‘ਤੇ ਵੀ ਅਚਨਚੇਤ ਚੈਕਿੰਗ ਹੋਵੇਗੀ ਤਾਂ ਜੋ ਸੇਵਾਵਾਂ ਨੂੰ ਮਜ਼ਬੂਤ ਅਤੇ ਬੇਹਤਰ ਬਣਾਇਆ ਜਾ ਸਕੇ। ਮੇਅਰ ਨੇ ਅਪਰਾਧਿਕ ਲਾਪਰਵਾਹੀ ਪਾਏ ਜਾਣ ‘ਤੇ ਕਾਰਵਾਈ ਦੇ ਸੰਕੇਤ ਵੀ ਦਿੱਤੇ।