ਮੇਅਰ ਕੁੰਦਨ ਗੋਗੀਆ ਵੱਲੋਂ ਫੋਕਲ ਪੁਆਇੰਟ ਫਾਇਰ ਬ੍ਰਿਗੇਡ ਦੀ ਅਚਨਚੇਤ ਚੈਕਿੰਗ

ਪਟਿਆਲਾ, 4 ਅਕਤੂਬਰ – ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਫੋਕਲ ਪੁਆਇੰਟ ਸਥਿਤ ਫਾਇਰ ਬ੍ਰਿਗੇਡ ਦਫ਼ਤਰ ਦਾ ਅਚਨਚੇਤ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਮੇਅਰ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਮਸ਼ੀਨਾਂ, ਕਰਮਚਾਰੀਆਂ ਦੀ ਹਾਜ਼ਰੀ, ਸੁਰੱਖਿਆ ਉਪਕਰਣਾਂ ਅਤੇ ਐਮਰਜੈਂਸੀ ਰਿਸਪਾਂਸ ਪ੍ਰਣਾਲੀ ਦੀ ਵਿਸਥਾਰ ਨਾਲ ਜਾਂਚ ਕੀਤੀ।

ਇਸ ਦੌਰਾਨ ਮੇਅਰ ਨੇ ਸਪਸ਼ਟ ਕੀਤਾ ਕਿ ਨਗਰ ਨਿਗਮ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਣੀ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਜਾਂ ਕਿਸੇ ਹੋਰ ਐਮਰਜੈਂਸੀ ਸਥਿਤੀ ਵਿੱਚ ਫਾਇਰ ਬ੍ਰਿਗੇਡ ਦਾ ਸਮੇਂ ‘ਤੇ ਪਹੁੰਚਣਾ ਬਹੁਤ ਜ਼ਰੂਰੀ ਹੈ, ਇਸ ਲਈ ਹਰ ਕਿਸਮ ਦੇ ਸਾਜ਼ੋ-ਸਾਮਾਨ ਦਾ ਸੁਚਾਰੂ ਹੋਣਾ ਲਾਜ਼ਮੀ ਹੈ। ਮੇਅਰ ਨੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿੱਥੇ ਵੀ ਘਾਟ ਪਾਈ ਜਾਵੇਗੀ ਉਸਦੀ ਤੁਰੰਤ ਪੂਰਤੀ ਕੀਤੀ ਜਾਵੇ।

ਮੇਅਰ ਗੋਗੀਆ ਨੇ ਸਟਾਫ਼ ਨੂੰ ਹਦਾਇਤ ਦਿੱਤੀ ਕਿ ਹਰੇਕ ਗੱਡੀ ਦੀ ਮੁਰੰਮਤ ਸਮੇਂ ‘ਤੇ ਕਰਵਾਈ ਜਾਵੇ, ਫਾਇਰ ਫਾਈਟਿੰਗ ਟੀਮਾਂ ਦੀ ਟ੍ਰੇਨਿੰਗ ‘ਤੇ ਖਾਸ ਧਿਆਨ ਦਿੱਤਾ ਜਾਵੇ ਅਤੇ ਐਮਰਜੈਂਸੀ ਕਾਲਾਂ ਦਾ ਜਵਾਬ ਤੇਜ਼ੀ ਨਾਲ ਦੇਣ ਲਈ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਮੰਤਵ ਲੋਕਾਂ ਨੂੰ ਸੁਰੱਖਿਅਤ ਅਤੇ ਤੁਰੰਤ ਸਹੂਲਤਾਂ ਦੇਣਾ ਹੈ।

ਫੋਕਲ ਪੁਆਇੰਟ ਫਾਇਰ ਬ੍ਰਿਗੇਡ ‘ਤੇ ਅਚਨਚੇਤ ਚੈਕਿੰਗ ਦੌਰਾਨ ਮੇਅਰ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਸ਼ਹਿਰ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਅਤੇ ਜਿੱਥੇ ਵੀ ਸੁਧਾਰ ਦੀ ਲੋੜ ਹੋਵੇਗੀ ਉਸਨੂੰ ਤੁਰੰਤ ਲਾਗੂ ਕੀਤਾ ਜਾਵੇਗਾ।

Scroll to Top