ਪਟਿਆਲਾ, 12 ਨਵੰਬਰ — ਪਟਿਆਲਾ ਸ਼ਹਿਰ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਮੇਅਰ ਕੁੰਦਨ ਗੋਗੀਆ ਨੇ ਅੱਜ ਰਸੂਲਪੁਰ ਸੈਦਾ ਇਲਾਕੇ ਦੇ ਵਾਰਡ ਨੰਬਰ 18 ਦੀਆ ਕਰੀਬ 8 ਲੱਖ ਨਾਲ ਤਿਆਰ ਹੋਣ ਵਾਲੀਆਂ ਦੋ ਮੁੱਖ ਸੜਕਾਂ ਦੇ ਨਿਰਮਾਣ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਦੇ ਕੌਂਸਲਰ ਗਿਆਨ ਚੰਦ, ਨਿਗਮ ਅਧਿਕਾਰੀ ਜੇ ਪੀ ਸਿੰਘ ਅਤੇ ਸਥਾਨਕ ਵਸਨੀਕ ਵੀ ਮੌਜੂਦ ਸਨ।
ਦਸ ਦੇਈਏ ਕਿ ਸੜਕ ਨਿਰਮਾਣ ਦੇ ਇਸ ਪ੍ਰੋਜੈਕਟ ਨਾਲ ਇਲਾਕੇ ਦੇ ਵਸਨੀਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਕਿਉਂਕਿ ਬਾਰਿਸ਼ ਦੇ ਦਿਨਾਂ ਵਿੱਚ ਇਨ੍ਹਾਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਸੀ। ਕੌਂਸਲਰ ਗਿਆਨ ਚੰਦ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਇਲਾਕਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਕਾਰਜਕਾਲ ਦੌਰਾਨ ਇਹ ਸੜਕਾਂ ਜਰੂਰ ਬਣਵਾ ਕੇ ਦੇਣਗੇ ਅਤੇ ਅੱਜ ਉਹ ਵਾਅਦਾ ਪੂਰਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਅਰ ਕੁੰਦਨ ਗੋਗੀਆ ਦੀ ਵਿਸ਼ੇਸ਼ ਰਹਿਨੁਮਾਈ ਅਤੇ ਸਹਿਯੋਗ ਨਾਲ ਹੀ ਇਹ ਕਾਰਜ ਸੰਭਵ ਹੋਇਆ ਹੈ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਨਿਗਮ ਦਾ ਮੁੱਖ ਲਕਸ਼ ਹੈ ਕਿ ਹਰ ਵਾਰਡ ਵਿੱਚ ਵਿਕਾਸ ਸਮਾਨ ਤੌਰ ’ਤੇ ਹੋਵੇ। ਉਨ੍ਹਾਂ ਨੇ ਕਿਹਾ ਕਿ ਨਿਗਮ ਵੱਲੋਂ ਸੜਕਾਂ, ਨਿਕਾਸੀ ਪ੍ਰਣਾਲੀ, ਸਫ਼ਾਈ ਅਤੇ ਪੀਣ ਵਾਲੇ ਪਾਣੀ ਦੀ ਸਹੂਲਤਾਂ ਵਿੱਚ ਸੁਧਾਰ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਗੋਗੀਆ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਨਿਗਮ ਦਫ਼ਤਰ ਦੇ ਚੱਕਰ ਨਹੀਂ ਲਗਾਉਣ ਪੈਣਗੇ, ਹਰ ਕੰਮ ਲੋਕਾਂ ਦੇ ਦਰਵਾਜ਼ੇ ’ਤੇ ਹੀ ਨਿਪਟਾਇਆ ਜਾਵੇਗਾ।
ਇਸ ਮੌਕੇ ਇਲਾਕਾ ਵਾਸੀਆਂ ਨੇ ਮੇਅਰ ਅਤੇ ਕੌਂਸਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਨਿਰਮਾਣ ਨਾਲ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕੀ ਮੰਗਾਂ ਪੂਰੀਆਂ ਹੋਈਆਂ ਹਨ। ਸਮਾਗਮ ਦੌਰਾਨ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਸੜਕਾਂ ਦਾ ਨਿਰਮਾਣ ਗੁਣਵੱਤਾ ਪੂਰਣ ਮਾਲ ਨਾਲ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਲੰਬੇ ਸਮੇਂ ਤੱਕ ਟਿਕਾਊ ਰਹਿਣ।