ਮਾਸਟਰ ਭੁਪਿੰਦਰ ਸਿੰਘ ਟਿਵਾਣਾ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਭਾਦਸੋਂਪਟਿਆਲਾ, 9 ਫਰਵਰੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਦੇ ਪਿਤਾ ਮਾਸਟਰ ਭੁਪਿੰਦਰ ਸਿੰਘ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਅੱਜ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਛੰਨਾ ਨੱਥੂ ਵਾਲੀਆਂ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‌ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ ਪਰਿਵਾਰਕ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਮਾਸਟਰ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਈ ਭੁਪਿੰਦਰ ਸਿੰਘ ਗੁਰੂ ਕੀ ਕਾਸ਼ੀ ਦੇ ਕੀਰਤਨੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਗਾਇਨ ਕੀਤਾ ਤੇ ਅੰਤਿਮ ਅਰਦਾਸ ਗਿਆਨੀ ਸੁਖਦੇਵ ਸਿੰਘ ਨੇ ਕੀਤੀ।

ਇਸ ਮੌਕੇ ਆਪ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜਿੱਥੇ ਪਰਿਵਾਰ ਵੱਲੋਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਤਰਫ਼ੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਸਟਰ ਭੁਪਿੰਦਰ ਸਿੰਘ ਆਪਣੇ ਪਰਿਵਾਰ ਲਈ ਵਫ਼ਾਦਾਰੀ ਤੇ ਵਾਅਦੇ ਨਿਭਾਉਣ ਦੀ ਅਣਮੁੱਲੀ ਵਿਰਾਸਤ ਛੱਡ ਕੇ ਗਏ ਹਨ, ਜਿਸ ਦੀ ਝਲਕ ਕਰਨਵੀਰ ਸਿੰਘ ਟਿਵਾਣਾ ਅਤੇ ਸਮੁੱਚੇ ਪਰਿਵਾਰ ਵਿੱਚੋਂ ਝਲਕ ਰਹੀ ਹੈ।

ਸੰਜੇ ਸਿੰਘ ਨੇ ਕਿਹਾ ਕਿ ਰਾਜਨੀਤੀ ਵਿੱਚ ਰਿਸ਼ਤੇ ਕੇਵਲ ਅਹੁਦਿਆਂ ਨਾਲ ਹੀ ਜੁੜੇ ਹੁੰਦੇ ਹਨ ਪਰ ਕਰਨਵੀਰ ਸਿੰਘ ਟਿਵਾਣਾ ਨੇ ਆਪਣੇ ਪਿਤਾ ਦੀ ਸਿੱਖਿਆ ਦੀ ਬਦੌਲਤ ਚੰਗੇ-ਮਾੜੇ ਸਮੇਂ ਵਿੱਚ ਵੀ ਵਾਅਦਾ ਨਿਭਾਇਆ ਅਤੇ ਵਫ਼ਾਦਾਰੀ ਕਮਾਈ ਹੈ। ਆਪ ਆਗੂ ਨੇ 2015 ਤੋਂ ਲੈਕੇ ਹੁਣ ਤੱਕ ਟਿਵਾਣਾ ਪਰਿਵਾਰ ਨਾਲ ਆਪਣੇ ਰਿਸ਼ਤੇ ਦੀ ਗੱਲ ਕਰਦਿਆਂ ਕਿਹਾ ਕਿ ਮਾਸਟਰ ਭੁਪਿੰਦਰ ਸਿੰਘ ਇੱਕ ਕਾਮਯਾਬ ਪਿਤਾ ਤੇ ਸ਼ਾਨਦਾਰ ਅਧਿਆਪਕ ਸਨ, ਜਿਨ੍ਹਾਂ ਦੇ ਜਾਣ ਨਾਲ ਪਰਿਵਾਰ ਸਮੇਤ ਇਲਾਕੇ ਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਰਾਜ ਸਭਾ ਮੈਂਬਰ ਨੇ ਪਿੰਡ ਛੰਨਾ ਨੱਥੂ ਵਾਲੀਆਂ ਵਿਖੇ ਮਾਸਟਰ ਭੁਪਿੰਦਰ ਸਿੰਘ ਦੀ ਯਾਦ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਇੱਕ ਪਾਰਕ ਬਣਾਉਣ ਦਾ ਐਲਾਨ ਕੀਤਾ।

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਸਟਰ ਭੁਪਿੰਦਰ ਸਿੰਘ ਗੁਣਾਂ ਦੀ ਗੁਥਲੀ ਸਨ। ਉਨ੍ਹਾਂ ਕਿਹਾ ਕਿ ਕਰਨਵੀਰ ਸਿੰਘ ਟਿਵਾਣਾ ਸਮੇਤ ਸਮੂਹ ਪਰਿਵਾਰ ਨੇ ਆਪਣੇ ਪਿਤਾ ਦੇ ਗੁਣ ਗ੍ਰਹਿਣ ਕੀਤੇ ਅਤੇ ਉਨ੍ਹਾਂ ਦੀ ਸੇਵਾ ਕਰਕੇ ਮਾਪਿਆਂ ਅਤੇ ਪਰਮਾਤਮਾ ਦੇ ਕਿਰਪਾ ਦੇ ਪਾਤਰ ਬਣੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਕੱਠਾ ਪਰਿਵਾਰ ਤੇ ਮਾਂ ਬਾਪ ਦੀ ਸੇਵਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਸਬਰ ਰੱਖਣਾ ਤੇ ਸਟੈਂਡ ‘ਤੇ ਕਾਇਮ ਰਹਿਣਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਸਿਆਸਤ ਦੇ ਗੁਰ ਸਿੱਖਣ ਵਾਲੇ ਕਰਨਵੀਰ ਸਿੰਘ ਟਿਵਾਣਾ ਵਿੱਚ ਮਾਪਿਆਂ ਦੀ ਸਿੱਖਿਆ ਤੇ ਸੇਵਾ ਕਰਕੇ ਹੀ ਆਇਆ ਹੈ।

ਅਮਨ ਅਰੋੜਾ ਨੇ ਕਿਹਾ ਕਿ ਬਿਨਾਂ ਕਿਸੇ ਲਾਲਚ ਤੋਂ ਪਹਿਲਾਂ ਜਥੇਦਾਰ ਟੌਹੜਾ ਤੇ ਹੁਣ ਸੰਜੇ ਸਿੰਘ ਵਰਗੇ ਆਗੂ ਨਾਲ ਕੰਮ ਕਰਨਾ ਟਿਵਾਣਾ ਦੀ ਮਾਂ ਬਾਪ ਦੀ ਗੁੜ੍ਹਤੀ ਸਦਕਾ ਇਮਾਨਦਾਰ ਸੋਚ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਜਦੋਂ ਵੱਡੀ ਗਿਣਤੀ ਬਿਰਧ ਆਸ਼ਰਮ ਖੁੱਲ੍ਹੇ ਹੋਏ ਹਨ ਤੇ ਅਜਿਹੇ ਸਮੇਂ ਵਿੱਚ ਮਾਸਟਰ ਭੁਪਿੰਦਰ ਸਿੰਘ ਦੀ ਟਿਵਾਣਾ ਪਰਿਵਾਰ ਵੱਲੋਂ ਸੇਵਾ ਕਰਨਾ ਆਪਣੇ ਆਪ ਵਿੱਚ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਸਿਆਸਤ ਦੀ ਗੁੜ੍ਹਤੀ ਲੈਕੇ ਸੰਜੇ ਸਿੰਘ ਵਰਗੀ ਸ਼ਖ਼ਸੀਅਤ ਨਾਲ ਸਿਆਸਤ ਵਿੱਚ ਬਿਨ੍ਹਾਂ ਕਿਸੇ ਲੋਭ ਲਾਲਚ ਤੋਂ ਵਿਚਰਨਾਂ ਕਰਨਵੀਰ ਸਿੰਘ ਟਿਵਾਣਾ ਦੇ ਪਿਤਾ ਤੋਂ ਸਿੱਖੇ ਗੁਣਾ ਸਦਕਾ ਹੀ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਜਿਸ ਘਰ ਵਿੱਚ ਮਾਪਿਆਂ ਦੀ ਸੇਵਾ ਹੁੰਦੀ ਹੋਵੇ, ਉਥੇ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ।

ਪੰਜਾਬ ਦੇ ਸਮੂਹ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਟ ਕਰ‌ਦਿਆਂ ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਰਨਵੀਰ ਸਿੰਘ ਟਿਵਾਣਾ ਨੇ ਵਫ਼ਾਦਾਰੀ ਦੀ ਵਿਰਾਸਤ ਆਪਣੇ ਪਿਤਾ ਤੋਂ ਲਈ ਹੈ ਅਤੇ ਇਹੀ ਸਭ ਤੋਂ ਵੱਡੀ ਦੌਲਤ ਹੈ ਮਾਸਟਰ ਭੁਪਿੰਦਰ ਸਿੰਘ ਦੀ, ਜੋ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਸਿਆਸਤ ਦੀ ਲਈ ਸਿੱਖਿਆ ਦੀ ਬਦੌਲਤ ਕਰਨਵੀਰ ਸਿੰਘ ਟਿਵਾਣਾ ਅੱਜ ਸਮਾਜ ਸੇਵਾ ਤੇ ਸਿਆਸਤ ਵਿੱਚ ਬਿਨ੍ਹਾਂ ਕਿਸੇ ਲਾਲਚ ਤੋਂ ਸੇਵਾ ਨਿਭਾਅ ਰਹੇ ਹਨ। ਕਰਨਵੀਰ ਸਿੰਘ ਟਿਵਾਣਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਭ ਦਾ ਧੰਨਵਾਦ ਕੀਤਾ।

Scroll to Top