ਕਪੂਰਥਲਾ, 9 ਫਰਵਰੀ : ਭੁਲੱਥ ਮਾਰਕੀਟ ਕਮੇਟੀ ਦੇ ਚੇਅਰਮੈਨ ਤੇਜਿੰਦਰ ਸਿੰਘ ਰੰਪੀ (48) ਦੀ ਬੀਤੇ ਦਿਨੀ ਇਕ ਸੜਕ ਹਾਦਸੇ ਵਿਚ ਹੋਈ ਮੌਤ ਕਾਰਨ ਚਾਰੋ ਪਾਸੇ ਸ਼ੋਕ ਦੀ ਲਹਿਰ ਦੌੜ ਪਈ ਹੈ।
ਜਿਕਰਯੋਗ ਹੈ ਕਿ ਬੀਤੇਦਿਨੀ ਨਡਾਲਾ–ਬੇਗੋਵਾਲ ਰੋਡ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤੇਜਿੰਦਰ ਸਿੰਘ ਰੰਪੀ ਆਪਣੇ 12 ਸਾਲਾ ਪੁੱਤਰ ਅਮਰਵੀਰ ਸਿੰਘ ਨਾਲ ਸਕੂਟਰ ’ਤੇ ਨਡਾਲਾ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਦੇ ਨੇੜੇ ਪਹੁੰਚੇ, ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਰੰਪੀ, ਉਨ੍ਹਾਂ ਦਾ ਪੁੱਤਰ ਅਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਮੌਕੇ ’ਤੇ ਮੌਜੂਦ ਰਾਹਗੀਰਾਂ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਲਾਕ ਸਮਿਤੀ ਮੈਂਬਰ ਸੁਖਜਿੰਦਰ ਸੋਂਧੀ ਮੁਤਾਬਕ, ਰੰਪੀ ਨੂੰ ਪਹਿਲਾਂ ਬੇਗੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਜਲੰਧਰ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ । ਇਸ ਹਾਦਸੇ ਕਾਰਨ ਤੇ ਚੇਅਰਮੈਨ ਤੇਜਿੰਦਰ ਰੰਪੀ ਦੀ ਹੋਈ ਮੌਤ ਕਾਰਨ ਉਨਾ ਦੇ ਸਮਰਥਕਾਂ ਵਿਚ ਸ਼ੋਕ ਦੀ ਲਹਿਰ ਦੌੜ ਪਈ ਹੈ।