ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ, ਧਾਮੋਮਾਜਰਾ ਪਟਿਆਲਾ ਦੇ ਈਕੋ ਕਲੱਬ ਅਤੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਜਨਹਿੱਤ ਸਮਿਤੀ, ਪਟਿਆਲਾ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਲਗਭਗ 50 ਤੋਂ ਵੱਧ ਫਲਦਾਰ ਅਤੇ ਔਰਨਾਮੈਂਟਲ ਪੌਦੇ ਲਗਾਏ ਗਏ।
ਇਸ ਮੌਕੇ ਉੱਘੇ ਸਮਾਜ ਸੇਵਕ ਸ੍ਰੀ ਵਿਨੋਦ ਸ਼ਰਮਾ (ਜਰਨਲ ਸਕੱਤਰ, ਜਨਹਿੱਤ ਸਮਿਤੀ, ਪਟਿਆਲਾ) ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ । ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਨੂੰ “ਜੀ ਆਇਆਂ” ਕਿਹਾ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿੰਮ੍ਹੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਾਤਾਵਰਣ ਦੀ ਸੰਭਾਲ ਦੀ ਜ਼ਿੰਮ੍ਹੇਵਾਰੀ ਸਿਰਫ ਸਰਕਾਰ ਦੀ ਹੀ ਨਹੀਂ ਸਗੋਂ ਹਰੇਕ ਨਾਗਰਿਕ ਦੀ ਬਣਦੀ ਹੈ, ਸੋ ਵਾਤਾਵਰਣ ਨੂੰ ਬਚਾਉਣ ਲਈ ਤੁਹਾਨੂੰ ਵੀ ਪੁਰਜ਼ੋਰ ਯਤਨ ਕਰਨੇ ਚਾਹੀਦੇ ਹਨ।
ਉਹਨਾਂ ਨੇ ਕਿਹਾ ਕਿ ਪੌਦੇ ਧਰਤੀ ਮਾਂ ਦਾ ਸ਼ਿੰਗਾਰ ਹਨ ਪਰ ਅੱਜ ਦਾ ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਸ਼ਿੰਗਾਰ ਨੂੰ ਅੰਨ੍ਹੇਵਾਹ ਨਸ਼ਟ ਕਰ ਰਿਹਾ ਹੈ। ਇਸ ਮੌਕੇ ਸ੍ਰੀ ਵਿਨੋਦ ਸ਼ਰਮਾ ਨੇ ਵਿਦਿਆਰਥਣਾਂ ਨੂੰ ਹਵਾ, ਪਾਣੀ ਅਤੇ ਧਰਤੀ ਦੀ ਸਾਂਭ- ਸਭਾਲ ਲਈ ਜਾਗਰੂਕ ਕੀਤਾ ਅਤੇ ਕਿਹਾ ਕਿ ਇਹਨਾਂ ਦੇ ਵਿੱਚ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ ਪਰ ਮਨੁੱਖ ਆਪਣੀ ਗਲਤ ਜੀਵਨ ਸ਼ੈਲੀ ਕਰਕੇ ਇਸ ਸੰਤੁਲਨ ਨੂੰ ਲਗਾਤਾਰ ਖਰਾਬ ਕਰ ਰਿਹਾ ਹੈ। ਅੰਨ੍ਹੇਵਾਹ ਜੰਗਲਾਂ ਦੀ ਕਟਾਈ, ਆਵਾਜਾਈ ਦੇ ਸਾਧਨਾਂ ਦਾ ਵਾਧਾ ਅਤੇ ਫੈਕਟਰੀਆਂ ਵਿੱਚੋਂ ਨਿਕਲੇ ਗੰਦੇ ਪਦਾਰਥ ਤੇ ਧੂੰਆਂ ਮਨੁੱਖ ਨੂੰ ਤਬਾਹੀ ਦੀ ਕਗਾਰ ਵੱਲ ਲੈ ਕੇ ਜਾ ਰਹੇ ਹਨ।
ਇਸ ਤਬਾਹੀ ਤੋਂ ਬਚਣ ਦਾ ਇਕੋ- ਇਕ ਹੱਲ ਵੱਧ ਤੋਂ ਵੱਧ ਪੌਦੇ ਲਗਾਉਣੇ ਅਤੇ ਲੱਗੇ ਹੋਏ ਰੁੱਖਾਂ ਨੂੰ ਬਚਾਉਣਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਤਸੱਲੀ ਨਾਲ ਸਾਹ ਲੈਣ ਯੋਗ ਵਾਤਾਵਰਣ ਪ੍ਰਦਾਨ ਕਰ ਸਕੀਏ। ਇਸ ਮੌਕੇ ਜਨ ਹਿੱਤ ਸਮਿਤੀ, ਪਟਿਆਲਾ ਦੇ ਮੈਂਬਰ ਸ੍ਰੀ ਅਸ਼ੋਕ ਵਰਮਾ, ਸ. ਰਣਜੀਤ ਸਿੰਘ, ਸ੍ਰੀ ਸਤੀਸ਼ ਜੋਸ਼ੀ, ਸ. ਗਗਨਦੀਪ ਸਿੰਘ, ਸ੍ਰੀ ਲਾਲ ਮਨੀ , ਸ. ਮਨਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।