ਪਟਿਆਲਾ 6 ਮਾਰਚ : ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਸੁਨਣ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਪਟਿਆਲਾ ਵੱਲੋਂ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨੱਕ, ਕੰਨ ਅਤੇ ਗਲੇ ਦੇ ਮਾਹਿਰ ਡਾ.ਗਗਨਦੀਪ ਕੌਰ ਵੱਲੋਂ ਮਰੀਜਾਂ ਅਤੇ ਸਟਾਫ ਮੈਂਬਰ ਨੂੰ ਕੰਨਾ ਦੀ ਸਾਂਭ ਸੰਭਾਲ ਅਤੇ ਸੁਨਣ ਸ਼ਕਤੀ ਨੂੰ ਬਰਕਰਾਰ ਰੱਖਣ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ।
ਡਾ.ਗਗਗਨਦੀਪ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਵੱਧ ਰਿਹਾ ਸ਼ੋਰ ਸ਼ਰਾਬਾ ਤੇ ਹੈਡ ਫੋਨਾਂ ਦੀ ਬੇਲੋੜੀ ਵਰਤੋਂ ਨੌਜਵਾਨ ਪੀੜੀ ਦੀ ਸੁਨਣ ਸ਼ਕਤੀ ਉੱਤੇ ਮਾੜਾ ਪ੍ਰਭਾਵ ਪੈਦਾ ਕਰ ਰਹੀ ਹੈ। ਉਹਨਾਂ ਸੁਰੱਖਿਅਤ ਸੁਨਣ ਦੇ ਸੰਕਲਪ ਤੇ ਜੋਰ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਸੁਨਣ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਸਕਦੀ ਹੈ।
ਮਾਹਿਰਾਂ ਨੇ ਕੰਨਾਂ ਵਿੱਚ ਕੋਈ ਵੀ ਤਿੱਖੀ ਚੀਜ ਨਾ ਮਾਰਨ ਜਾਂ ਬਿਨਾਂ ਡਾਕਟਰ ਸਲਾਹ ਕੋਈ ਵੀ ਤੇਲ ਪਾਉਣ ਤੋਂ ਵਰਜਿਆ। ਉਹਨਾਂ ਦੱਸਿਆ ਕਿ ਜਨਮ ਤੋਂ ਹੀ ਬੱਚਿਆਂ ਦੇ ਕੰਨਾਂ ਦੀ ਜਾਂਚ ਜਰੂਰ ਕਰਵਾਈ ਜਾਏ ਤਾਂ ਜੋ ਕਿਸੇ ਵੀ ਜਮਾੰਦਰੂ ਨੁਕਸ ਬਾਰੇ ਬੱਚਿਆਂ ਦਾ ਸਮੇਂ ਸਿਰ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਸਮੂਹ ਮਾਸ ਮੀਡੀਆ ਵਿੰਗ ਦੀ ਟੀਮ, ਡੀ.ਸੀ.ਓ ਵਜਿੰਦਰ, ਰੋਗੀ ਤੇ ਰੋਗੀਆਂ ਦੇ ਰਿਸ਼ਤੇਦਾਰ ਅਤੇ ਨਰਸਿੰਗ ਵਿਦਿਆਰਥੀ ਮੌਜੂਦ ਸਨ।