ਪਟਿਆਲਾ, 17 ਸਤੰਬਰ : ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਅੰਤਰ-ਸਕੂਲ ਗਰੁੱਪ ਸ਼ਬਦ ਗਾਇਨ, ਕਵੀਸ਼ਰੀ ਗਾਇਨ, ਕਵਿਤਾ ਉਚਾਰਣ ਅਤੇ ਭਾਸ਼ਣ ਮੁਕਾਲਿਆਂ ਵਿੱਚ ਲਗਾਤਾਰ ਪਹਿਲਾ ਤੇ ਤੀਜਾ ਸਥਾਨ ਹਾਸਿਲ ਕਰਕੇ ਨਗਦ ਰਾਸ਼ੀ ਪ੍ਰਾਪਤ ਕੀਤੀ ਹੈ।
ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਨਵਨੀਤ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਗਰਲਜ਼, ਨਿੰਮ ਸਾਹਿਬ ਆਕੜ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਭਾਗ ਲੈਕੇ ਸ਼ਬਦ ਵਿੱਚ ਪਹਿਲਾ ਸਥਾਨ ਨਗਦ ਰਾਸ਼ੀ 1500 ਰੁਪਏ ਭਾਸ਼ਣ ਅਤੇ ਕਵਿਤਾ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਬੱਚਿਆਂ ਨੇ 900-900 ਰੁਪਏ ਦੇ ਇਨਾਮ ਹਾਸਿਲ ਕੀਤੇ। ਇਸੇ ਤਰ੍ਹਾਂ ਕਵੀਸ਼ਰੀ ਵਿੱਚ ਤੀਜਾ ਸਥਾਨ ਨਾਲ ਸਰਟੀਫਿਕੇਟ ਟਰਾਫੀ ਅਤੇ 900 ਰੁਪਏ ਦਾ ਇਨਾਮ ਜਿੱਤਿਆ।
ਮਾਡਲ ਸਕੂਲ ਦੇ ਕਾਰਜਕਾਰੀ ਇੰਚਾਰਜ ਹਰਪ੍ਰੀਤ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਇਨਾਮ ਵਜੋਂ ਨਕਦ ਰਾਸ਼ੀ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਉਣ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਅਜਿਹੀਆਂ ਪ੍ਰਾਪਤੀਆਂ ਭਵਿੱਖ ਵਿੱਚ ਵੀ ਕਰਦੇ ਰਹਿਣ ਦਾ ਸੁਨੇਹਾ ਦਿੱਤਾ।ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਲੇ ਸਕੂਲ ਦੇ ਅਧਿਆਪਕ ਨਵਨੀਤ ਕੌਰ ਦਾ ਵੀ ਧੰਨਵਾਦ ਕੀਤਾ ਹੈ।