ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ ਦੁਬਈ ਵਿੱਚ ਗ੍ਰਿਫ਼ਤਾਰ

ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰ ਸੌਰਭ ਚੰਦਰਾਕਰ ਦੁਬਈ ਵਿੱਚ ਗ੍ਰਿਫ਼ਤਾਰ
ਨਵੀਂ ਦਿੱਲੀ : ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਵਿੱਚੋਂ ਇੱਕ ਸੌਰਭ ਚੰਦਰਾਕਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਬੇਨਤੀ ’ਤੇ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਬਾਅਦ ਦੁਬਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈਡੀ ਅਧਿਕਾਰੀਆਂ ਦੇ ਅਨੁਸਾਰ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨੇ ਕੱਲ੍ਹ ਵਿਦੇਸ਼ ਮੰਤਰਾਲੇ ਵਿੱਚ ਆਪਣੇ ਹਮਰੁਤਬਾ ਨਾਲ ਅਧਿਕਾਰਤ ਤੌਰ ’ਤੇ ਗੱਲਬਾਤ ਕਰਕੇ ਚੰਦਰਾਕਰ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ।ਈ. ਡੀ. ਅਧਿਕਾਰੀਆਂ ਆਖਿਆ ਕਿ ਹਵਾਲਗੀ ਲਈ ਦਸਤਾਵੇਜ਼ ਪ੍ਰਕਿਰਿਆ ਨੂੰ ਆਉਣ ਵਾਲੇ ਦਿਨਾਂ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਚੰਦਰਾਕਰ ਦੀ ਭਾਰਤ ਵਾਪਸੀ ਦੀ ਸਹੂਲਤ ਲਈ ਯੂਏਈ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਪਿਛਲੇ ਸਾਲ ਦਸੰਬਰ ਵਿੱਚ ਚੰਦਰਾਕਰ ਨੂੰ ਦੁਬਈ ਵਿੱਚ “ਘਰ ਵਿੱਚ ਨਜ਼ਰਬੰਦ” ਰੱਖਿਆ ਗਿਆ ਸੀ ਅਤੇ ਈਡੀ ਸਮੇਤ ਭਾਰਤੀ ਜਾਂਚ ਏਜੰਸੀਆਂ ਨੂੰ “ਸੁਚੇਤ” ਕਰ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਭਾਰਤੀ ਏਜੰਸੀਆਂ ਕੂਟਨੀਤਕ ਮਾਧਿਅਮਾਂ ਰਾਹੀਂ ਚੰਦਰਾਕਰ ਦੇ ਦੇਸ਼ ਨਿਕਾਲੇ ਜਾਂ ਹਵਾਲਗੀ ਨੂੰ ਸੁਰੱਖਿਅਤ ਕਰਨ ਲਈ ਜੁਟੀਆਂ ਹੋਈਆਂ ਹਨ, ਜੋ ਮਨੀ ਲਾਂਡਰਿੰਗ ਕੇਸ ਅਤੇ ‘ਮਹਾਦੇਵ ਬੁੱਕ ਔਨਲਾਈਨ’ ਐਪ ਦੀਆਂ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਸਬੰਧਤ ਪੁਲੀਸ ਜਾਂਚ ਲਈ ਮਹੱਤਵਪੂਰਨ ਹੈ।ਰਾਏਪੁਰ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀ. ਐਮ. ਐਲ. ਏ.) ਅਦਾਲਤ ਵਿੱਚ ਪੇਸ਼ ਕੀਤੀ ਆਪਣੀ ਸ਼ੁਰੂਆਤੀ ਚਾਰਜਸ਼ੀਟ ਵਿੱਚ, ਈਡੀ ਨੇ ਚੰਦਰਕਰ, ਉੱਪਲ ਅਤੇ ਕਈ ਹੋਰਾਂ ਦਾ ਨਾਮ ਲਿਆ ਸੀ। ਚਾਰਜਸ਼ੀਟ ਵਿੱਚ ਸੌਰਭ ਚੰਦਰਾਕਰ ਦੇ ਚਾਚਾ ਦਿਲੀਪ ਚੰਦਰਾਕਰ ਦੇ ਇੱਕ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੌਰਭ ਦੇ 2019 ਵਿੱਚ ਦੁਬਈ ਜਾਣ ਤੋਂ ਪਹਿਲਾਂ ਉਹ ਛੱਤੀਸਗੜ੍ਹ ਦੇ ਭਿਲਾਈ ਵਿੱਚ ਆਪਣੇ ਭਰਾ ਨਾਲ ਜੂਸ ਫੈਕਟਰੀ ਨਾਮ ਦੀ ਇੱਕ ਜੂਸ ਦੀ ਦੁਕਾਨ ਚਲਾਉਂਦਾ ਸੀ।ਈ. ਡੀ. ਨੇ ਦੋਸ਼ ਲਗਾਇਆ ਹੈ ਕਿ ਸੌਰਭ ਨੇ ਫਰਵਰੀ 2023 ਵਿੱਚ ਯੂਏਈ ਦੇ ਰਾਸ ਅਲ ਖੈਮਾਹ ਵਿੱਚ ਵਿਆਹ ਕੀਤਾ ਸੀ ਅਤੇ ਇਸ ਸਮਾਰੋਹ ਵਿੱਚ ਲਗਭਗ 200 ਕਰੋੜ ਰੁਪਏ ਨਕਦ ਖਰਚ ਕੀਤੇ ਗਏ ਸਨ, ਜਿਸ ਵਿੱਚ ਭਾਰਤ ਤੋਂ ਰਿਸ਼ਤੇਦਾਰਾਂ ਨੂੰ ਲਿਜਾਣ ਲਈ ਪ੍ਰਾਈਵੇਟ ਜੈੱਟ ਕਿਰਾਏ ’ਤੇ ਲੈਣਾ ਅਤੇ ਮਸ਼ਹੂਰ ਹਸਤੀਆਂ ਨੂੰ ਪ੍ਰਦਰਸ਼ਨ ਕਰਨ ਲਈ ਭੁਗਤਾਨ ਕਰਨਾ ਸ਼ਾਮਲ ਸੀ। ਈਡੀ ਦਾ ਅੰਦਾਜ਼ਾ ਹੈ ਕਿ ਇਸ ਮਾਮਲੇ ਵਿੱਚ ਅਪਰਾਧ ਦੀ ਅਨੁਮਾਨਤ ਕਮਾਈ ਲਗਭਗ 6 ਹਜ਼ਾਰ ਕਰੋੜ ਰੁਪਏ ਹੈ।

Leave a Comment

Your email address will not be published. Required fields are marked *

Scroll to Top