ਦਿੱਲੀ, 23 ਦਸੰਬਰ : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ (FTA) ਦੇ ਤਹਿਤ ਨਿਊਜ਼ੀਲੈਂਡ ਸਰਕਾਰ ਨੇ ਆਪਣੇ ਵਰਕ ਅਤੇ ਵਿਦਿਆਰਥੀ ਵੀਜ਼ਾ ਨਿਯਮਾਂ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਇਸ ਸਮਝੌਤੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਕੰਮ ਕਰਨ ਅਤੇ ਪੜ੍ਹਾਈ ਤੋਂ ਬਾਅਦ ਲੰਬੇ ਸਮੇਂ ਲਈ ਨਿਊਜ਼ੀਲੈਂਡ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ।
ਸਰਕਾਰੀ ਸੂਤਰਾਂ ਮੁਤਾਬਕ ਭਾਰਤੀ ਕੇਂਦਰੀ ਕੈਬਨਿਟ ਨੇ ਪਿਛਲੇ ਹਫ਼ਤੇ ਇਸ ਸਮਝੌਤੇ ਨੂੰ ਹਰੀ ਝੰਡੀ ਦੇ ਦਿੱਤੀ ਸੀ, ਜਦਕਿ ਨਿਊਜ਼ੀਲੈਂਡ ਦੀ ਸੰਸਦ ਤੋਂ ਵੀ ਇਸ ਦੀ ਪ੍ਰਵਾਨਗੀ ਲੈਣੀ ਬਾਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 7 ਤੋਂ 8 ਮਹੀਨਿਆਂ ਵਿੱਚ ਸਮਝੌਤੇ ’ਤੇ ਅੰਤਿਮ ਦਸਤਖ਼ਤ ਹੋਣ ਤੋਂ ਬਾਅਦ ਇਹ ਲਾਗੂ ਕਰ ਦਿੱਤਾ ਜਾਵੇਗਾ।
ਨਵੇਂ ਪ੍ਰਬੰਧਾਂ ਅਨੁਸਾਰ ਹੁਣ ਭਾਰਤੀ ਵਿਦਿਆਰਥੀਆਂ ਲਈ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਸੀਮਾ ਹਟਾ ਦਿੱਤੀ ਗਈ ਹੈ, ਜਿਸ ਨਾਲ ਉਹ ਆਪਣੀ ਪੜ੍ਹਾਈ ਦੇ ਨਾਲ ਵਧੇਰੇ ਕੰਮ ਕਰ ਸਕਣਗੇ। ਇਸ ਤੋਂ ਇਲਾਵਾ, ਡਿਗਰੀ ਕੋਰਸ ਕਰਨ ਵਾਲੇ ਵਿਦਿਆਰਥੀ ਹੁਣ ਦੋ ਸਾਲਾਂ ਦੇ ਪੋਸਟ-ਸਟੱਡੀ ਵਰਕ ਵੀਜ਼ੇ ਲਈ ਯੋਗ ਮੰਨੇ ਜਾਣਗੇ।