ਭਾਜਪਾ ਮੈਂਬਰ ਜਗਦੰਬਿਕਾ ਪਾਲ ਕਾਹਲੀ-ਕਾਹਲੀ ’ਚ ਕਮੇਟੀ ਦੀ ਮੀਟਿੰਗ ਕਰਵਾ ਰਹੇ ਸਨ : ਰਾਜਾ

ਭਾਜਪਾ ਮੈਂਬਰ ਜਗਦੰਬਿਕਾ ਪਾਲ ਕਾਹਲੀ-ਕਾਹਲੀ ’ਚ ਕਮੇਟੀ ਦੀ ਮੀਟਿੰਗ ਕਰਵਾ ਰਹੇ ਸਨ : ਰਾਜਾ
ਨਵੀਂ ਦਿੱਲੀ : ਵਿਰੋਧੀ ਧਿਰ ਦੇ ਆਗੂਆਂ ਨੇ ਵਕਫ਼ (ਸੋਧ) ਬਿੱਲ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ’ਤੇ ਵਰ੍ਹਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਟੀ. ਐੱਮ. ਸੀ. ਮੈਂਬਰ ਕਲਿਆਣ ਬੈਨਰਜੀ ਵੱਲੋਂ ਕੱਚ ਦੀ ਬੋਤਲ ਤੋੜ ਕੇ ਸੁੱਟਣ ਦੀ ਘਟਨਾ ਬਾਰੇ ਜਨਤਕ ਤੌਰ ’ਤੇ ਬਿਆਨ ਦੇ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਂਝ ਜਗਦੰਬਿਕਾ ਪਾਲ ਨੇ ਡੀ. ਐੱਮ. ਕੇ. ਮੈਂਬਰ ਏ. ਰਾਜਾ ਅਤੇ ‘ਆਪ’ ਆਗੂ ਸੰਜੇ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕਮੇਟੀ ਦੀ ਕਾਰਵਾਈ ਨੂੰ ਜਨਤਕ ਨਹੀਂ ਕੀਤਾ ਹੈ, ਸਗੋਂ ਮੀਟਿੰਗ ਦੌਰਾਨ ਹੋਈ ਹਿੰਸਾ ਦੀ ਘਟਨਾ ਦਾ ਸਿਰਫ਼ ਜਿ਼ਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦੀ ਪ੍ਰਕਿਰਿਆ ਦੇ ਨੇਮਾਂ ਦਾ ਹਮੇਸ਼ਾ ਪਾਲਣ ਕਰਦੇ ਆਏ ਹਨ ਅਤੇ ਉਨ੍ਹਾਂ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਿਆ ਹੈ । ਰਾਜਾ ਨੇ ਕਿਹਾ ਕਿ ਭਾਜਪਾ ਮੈਂਬਰ ਜਗਦੰਬਿਕਾ ਪਾਲ ਕਾਹਲੀ-ਕਾਹਲੀ ’ਚ ਕਮੇਟੀ ਦੀ ਮੀਟਿੰਗ ਕਰਵਾ ਰਹੇ ਸਨ, ਜਿਸ ਤੋਂ ਸ਼ੱਕ ਪੈਦਾ ਹੋਇਆ ਕਿ ਇਸ ਨਾਲ ਕੋਈ ਨਿਆਂ ਨਹੀਂ ਮਿਲੇਗਾ। ਡੀਐੱਮਕੇ ਦੇ ਸੰਸਦ ਮੈਂਬਰ ਰਾਜਾ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਚੇਅਰਮੈਨ ਨੇ ਮੀਟਿੰਗ ਦੌਰਾਨ ਵਾਪਰੀ ਘਟਨਾ ਲਈ ਪ੍ਰੈੱਸ ਕਾਨਫਰੰਸ ਕੀਤੀ ਜਦਕਿ ਉਹ ਜਾਣਦੇ ਹਨ ਕਿ ਅਜਿਹੀਆਂ ਮੀਟਿੰਗਾਂ ਦੀਆਂ ਕਾਰਵਾਈਆਂ ਗੁਪਤ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ ਹੈ।’ ਰਾਜਾ ਦੇ ਬਿਆਨਾਂ ਨਾਲ ਸਹਿਮਤੀ ਜਤਾਉਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਮੈਂਬਰਾਂ ਨੇ ਫ਼ੈਸਲਾ ਲਿਆ ਸੀ ਕਿ ਉਹ ਬੈਨਰਜੀ ਨਾਲ ਸਬੰਧਤ ਘਟਨਾ ਬਾਰੇ ਕੋਈ ਬਿਆਨ ਨਹੀਂ ਦੇਣਗੇ ਪਰ ਫਿਰ ਵੀ ਚੇਅਰਮੈਨ ਨੇ ਉਨ੍ਹਾਂ ਬਾਰੇ ਮੀਡੀਆ ’ਚ ਬਿਆਨ ਦਿੱਤਾ।

Leave a Comment

Your email address will not be published. Required fields are marked *

Scroll to Top