ਬੈਂਕ ਅਧਿਕਾਰੀ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਕਰਜ਼ ਦੀ ਸਹੂਲਤ ਮੁਹੱਈਆ ਕਰਵਾ ਕੇ ਸਮਾਜ ਸੁਧਾਰ ਵਿੱਚ ਪਾ ਸਕਦੇ ਹਨ ਵੱਡਾ ਯੋਗਦਾਨ : ਏ. ਡੀ. ਸੀ. ਅਮਿਤ ਬੈਂਬੀ

ਬੈਂਕ ਅਧਿਕਾਰੀ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਕਰਜ਼ ਦੀ ਸਹੂਲਤ ਮੁਹੱਈਆ ਕਰਵਾ ਕੇ ਸਮਾਜ ਸੁਧਾਰ ਵਿੱਚ ਪਾ ਸਕਦੇ ਹਨ ਵੱਡਾ ਯੋਗਦਾਨ : ਏ. ਡੀ. ਸੀ. ਅਮਿਤ ਬੈਂਬੀ
ਸੰਗਰੂਰ, 12 ਦਸੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਏ. ਡੀ. ਸੀ. (ਜ) ਅਮਿਤ ਬੈਂਬੀ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸੰਗਰੂਰ ਦੇ ਸਮੂਹ ਬੈਂਕਾਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਤੇ ਸੁਰੱਖਿਆ ਕਮੇਟੀ ਦੀ ਮੀਟਿੰਗ ਕੀਤੀ ਗਈ । ਇਸ ਮੌਕੇ ਏ. ਡੀ. ਸੀ. ਅਮਿਤ ਬੈਂਬੀ ਨੇ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ । ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵੱਖ-ਵੱਖ ਸਿਖਲਾਈ ਪ੍ਰੋਗਰਾਮ ਤੇ ਕਰਜ਼ ਮੁਹੱਈਆ ਕਰਵਾਉਣ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸ ਲਈ ਬੈਂਕ ਅਧਿਕਾਰੀ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵੱਲੋਂ ਸਵੈ-ਰੋਜ਼ਗਾਰ ਦੀ ਸਿਖਲਾਈ ਪ੍ਰਾਪਤ ਵਿਅਕਤੀਆਂ ਦੀਆਂ ਕਰਜ਼ ਲੈਣ ਲਈ ਦਿੱਤੀਆਂ ਗਈਆਂ ਅਰਜ਼ੀਆਂ ਨੂੰ ਪੂਰੀ ਦਿਆਨਤਦਾਰੀ ‘ਤੇ ਪਹਿਲ ਦੇ ਆਧਾਰ ਉੱਤੇ ਤਰਜੀਹ ਦੇਣ । ਏ. ਡੀ. ਸੀ. ਅਮਿਤ ਬੈਂਬੀ ਨੇ ਦੱਸਿਆ ਕਿ ਬਾਗਬਾਨੀ ਵਿਭਾਗ, ਕੌਮੀ ਪੇਂਡੂ ਆਜੀਵਿਕਾ ਮਿਸ਼ਨ ਤੇ ਹੋਰਨਾਂ ਸਰਕਾਰੀ ਅਦਾਰਿਆਂ ਵੱਲੋਂ ਮਹਿਲਾਵਾਂ, ਕਿਸਾਨਾਂ ਤੇ ਹੋਰਨਾਂ ਵਿਅਕਤੀਆਂ ਨੂੰ ਸਿਖਲਾਈ ਦੇ ਕੇ ਸਵੈ ਸਹਾਇਤਾ ਸਮੂਹਾਂ ਰਾਹੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਬਹੁਤ ਛੋਟੀਆਂ-ਛੋਟੀਆਂ ਕਰਜ਼ ਦੀਆਂ ਰਕਮਾਂ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਜਾਂਦਾ ਹੈ ਤੇ ਬੈਂਕ ਅਧਿਕਾਰੀ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਇਨ੍ਹਾਂ ਲੋੜਵੰਦਾਂ ਨੂੰ ਮੋੜਨਯੋਗ ਵਿੱਤੀ ਸਹਾਇਤਾ ਮੁਹੱਈਆ ਕਰਵਾ ਕੇ ਕਰਕੇ ਸਮਾਜ ਨੂੰ ਸੁਧਾਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ । ਇਸ ਮੌਕੇ ਲੀਡ ਬੈਂਕ ਮੈਨੇਜਰ ਸੰਜੀਵ ਅਗਰਵਾਲ ਵੱਲੋਂ ਮੀਟਿੰਗ ਦੇ ਏਜੰਡੇ ਤਹਿਤ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ ਅਤੇ ਆਰ ਸੇਟੀ ਵੱਲੋਂ ਚਲਾਏ ਜਾ ਰਹੇ ਸਵੈ-ਸਿਖਲਾਈ ਕੋਰਸਾਂ ਦੀ ਵੀ ਜਾਣਕਾਰੀ ਦਿੱਤੀ । ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਬੈਂਕਿੰਗ ਖੇਤਰ ਦੇ ਅਧਿਕਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ । ਇਸ ਮੌਕੇ ਭਾਰਤੀ ਰਿਜ਼ਰਵ ਬੈਂਕ ਤੋਂ ਐਲ. ਡੀ. ਓ. ਆਲੋਕ ਰੰਜਨ, ਨਾਬਾਰਡ ਤੋਂ ਗੁਰਪ੍ਰੀਤ ਸਿੰਘ, ਪੀ. ਐਨ. ਬੀ. ਤੋਂ ਸਤੀਸ਼ ਕੁਮਾਰ, ਡਾਇਰੈਕਟਰ ਆਰ ਸੇਟੀ ਦਲੀਪ ਕਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਰਕਾਰੀ ਤੇ ਪ੍ਰਾਇਵੇਟ ਬੈਂਕਾਂ ਦੇ ਨੁਮਾਇੰਦੇ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top