ਬੁੱਢਾ ਦਲ ਦੇ ਨਿਸ਼ਾਨ ਵਿਸ਼ਵ ਵਿੱਚ ਝੂਲਣਗੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
ਗੁ: ਬੁਰਜ ਅਕਾਲੀ ਫੂਲਾ ਸਿੰਘ ਜੀ ਵਿਖੇ 201 ਅਖੰਡ ਪਾਠਾਂ ਦੀ ਸੰਪੂਰਨਤਾ ਹੋਈ
ਅੰਮ੍ਰਿਤਸਰ:- 28 ਮਈ ( ) ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪਿਛਲੇ ਦੋ ਸਾਲ ਤੋਂ ਸ਼ਹੀਦੀ ਸ਼ਤਾਬਦੀ ਦੀ ਅਰੰਭਤਾ ਤੇ ਸੰਪੂਰਨਤਾ ਨੂੰ ਸਮਰਪਿਤ ਗੁਰਮਤਿ ਸਮਾਗਮ ਲਗਾਤਾਰ ਚੱਲਦੇ ਰਹੇ ਹਨ। ਸੁਖਮਨੀ ਸਾਹਿਬ ਦੇ ਪਾਠ ਜਾਪ ਅਤੇ 201 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਅੱਜ ਭੋਗ ਪਏ ਅਤੇ ਸ਼ੁਕਰਾਨੇ ਦੀ ਅਰਦਾਸ ਉਪਰੰਤ ਸਾਰੇ ਸਮਾਗਮ ਸਫਲਤਾ ਪੂਰਵਕ ਸਫਲ ਸਪੰਨ ਹੋ ਗਏ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਸਿੰਘ ਸਾਹਿਬ ਗਿ. ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਿਧਾਂਤ ਸਿੱਖਿਆਵਾਂ ਨੁੰ ਸਾਨੂੰ ਸਾਰਿਆਂ ਨੂੰ ਅਮਲੀ ਤੌਰ ਤੇ ਅਪਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਹੇਜ ਪ੍ਰਥਾ, ਸਤੀ ਪ੍ਰਥਾ, ਵਿਧਵਾ ਪ੍ਰਥਾ ਨੂੰ ਦੂਰ ਕਰਨ ਲਈ ਸਿੱਖ ਗੁਰੂ ਸਾਹਿਬਾਨ ਵੱਲੋਂ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਕੀਤਾ ਅਤੇ ਇਨ੍ਹਾਂ ਦਾ ਖਾਤਮਾ ਕਰਕੇ ਇਸਤਰੀ ਜਾਤੀ ਨੂੰ ਮਰਦ ਦੇ ਬਰਾਬਰ ਸਤਿਕਾਰ ਦਿੱਤਾ।
ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੱਜ 201 ਅਖੰਡ ਪਾਠਾਂ ਦੇ ਭੋਗ ਉਪਰੰਤ ਸੰਗਤੀ ਰੂਪ ਵਿੱਚ ਸ਼ੁਕਾਰਨੇ ਦੀ ਅਰਦਾਸ ਬਾਬਾ ਬੂਟਾ ਸਿੰਘ ਲੰਬਵਾਲੀ ਨੇ ਕੀਤੀ। ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਲਯੁਗ ਦੇ ਪਹਿਰ ਵਿੱਚ ਜਿਨਾ ਵੀ ਜਪਤਪ ਨਾਮ ਸਿਮਰਨ ਅਭਿਆਸ ਹੋ ਸਕੇ ਥੋੜਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਧਰਮ ਦੀ ਚੜ੍ਹਦੀਕਲਾ, ਪ੍ਰਚਾਰ, ਪ੍ਰਸਾਰ ਨੂੰ ਪ੍ਰਚੰਡ ਕਰਨ ਲਈ ਦੇਸ ਵਿਦੇਸ ਵਿੱਚ ਵਿਸ਼ਾਲ ਪੱਧਰ ਤੇ ਧਰਮ ਪ੍ਰਚਾਰ ਲਹਿਰ ਪ੍ਰਚੰਡ ਕੀਤੀ ਹੈ। ਉਨ੍ਹਾਂ ਕਿਹਾ ਭਾਰਤ ਦੇ ਸਾਰੇ ਵੱਡੇ ਮਹਾਂਨਗਰਾਂ ਵਿੱਚ ਗੁਰਮਤਿ ਸਮਾਗਮ ਕਰਕੇ ਸੰਗਤਾਂ ਨੂੰ ਬੁੱਢਾ ਦਲ ਦੇ ਗੌਰਵਮਈ ਸਿੱਖ ਵਿਰਾਸਤ ਅਤੇ ਇਤਿਹਾਸ ਤੋਂ ਜਾਣੂੰ ਕਰਵਾਇਆ ਅਤੇ ਧੀਆਂ ਪੁੱਤਰਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੀ ਅਸੀਸ ਪ੍ਰਾਪਤ ਕਰਨ ਲਈ ਹਜ਼ਾਰਾਂ ਸੰਗਤਾਂ ਨੂੰ ਗੁਰੂ ਲੜ ਲਾਇਆ ਹੈ। 5 ਮਈ 2023 ਨੂੰ ਅਰੰਭ ਹੋਏ, 201 ਸ੍ਰੀ ਅਖੰਡ ਪਾਠਾਂ ਦੇ ਭੋਗ ਸਮੇਂ ਸ਼ੁਕਰਾਨੇ ਦੀ ਅਰਦਾਸ ਸੰਗਤੀ ਰੂਪ ਵਿੱਚ ਹੋਈ ਹੈ। ਜਥੇ: ਅਕਾਲੀ ਨੇ ਸਭ ਸਹਿਯੋਗ ਦੇਣ ਵਾਲੀਆਂ ਪੁਜੀਆਂ ਸੰਗਤਾਂ ਤੇ ਪ੍ਰਮੁੱਖ ਸਖਸ਼ੀਅਤਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਬੁੱਢਾ ਦਲ ਦੇ ਨਿਸ਼ਾਨ ਝੂਲ ਰਹੇ ਹਨ, ਵੱਖ-ਵੱਖ ਦੇਸ਼ਾਂ ਅੰਦਰ ਬੁੱਢਾ ਦਲ ਦੀਆਂ ਛਾਉਣੀਆਂ ਸਥਾਪਤ ਕਰਨ ਦਾ ਗੁਰਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਮਰੀਕਾ ਦੇ ਸ਼ਹਿਰ ਇੰਡਿਆਨਾ ਵਿਖੇ ਦਸ ਏਕੜ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਤਾਬਦੀ ਮੌਕੇ ਬੁੱਢਾ ਦਲ ਦੀ ਛਾਉਣੀ ਸਥਾਪਤ ਕੀਤੀ ਗਈ ਹੈ। ਉਥੇ ਬਾਬਾ ਜਸਵਿੰਦਰ ਸਿੰਘ ਜੱਸੀ ਸੇਵਾ ਨਿਭਾ ਰਹੇ ਹਨ। ਹੁਣ ਕਨੇਡਾ ਵਿੱਚ ਬੁੱਢਾ ਦਲ ਦੀ ਛਾਉਣੀ ਸਥਾਪਿਤ ਕਰਨ ਤੇ ਪ੍ਰਚਾਰ ਹਿਤ, ਜਥੇਦਾਰ ਬਾਬਾ ਗੁਰਮੇਲ ਸਿੰਘ ਨੂੰ ਟਰੰਟੋ ਓਨਟਾਰਿਓ ਕਨੇਡਾ ਬੁੱਢਾ ਦਲ ਦੀ ਇਕਾਈ ਦਾ ਇੰਚਾਰਜ਼ ਜਥੇਦਾਰ ਥਾਪਿਆ ਗਿਆ ਹੈ ਅਤੇ ਬਾਬਾ ਰਘਵੀਰ ਸਿੰਘ ਨੂੰ ਮੀਤ ਜਥੇਦਾਰ ਨਿਯੁਕਤ ਕੀਤਾ ਹੈ। ਇਹ ਬੁੱਢਾ ਦਲ ਦੇ ਪ੍ਰਚਾਰ ਪ੍ਰਸਾਰ ਲਈ ਵਚਨਬੱਧਤਾ ਨਾਲ ਸੇਵਾ ਨਿਭਾਉਣਗੇ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅਤੇ ਬਾਬਾ ਮਨਮੋਹਣ ਸਿੰਘ ਬਾਰਨਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਸੰਗਤੀ ਰੂਪ ਵਿੱਚ ਜਪੁਜੀ ਸਾਹਿਬ ਦੇ ਪਾਠ ਜਾਪ ਕੀਤੇ। ਉਪਰੰਤ ਸੁਖਮਨੀ ਸੇਵਾ ਸੁਸਾਇਟੀ ਜਥਿਆਂ ਦੇ ਮੁਖੀਆਂ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹਫਤਾਵਾਰੀ ਗੁਰਬਾਣੀ ਦੇ ਜਪਤਪ ਸਮਾਗਮ ਪਹਿਲਾਂ ਦੀ ਤਰ੍ਹਾਂ ਇਨ੍ਹਾਂ ਅਸਥਾਨਾਂ ਤੇ ਚੱਲਦੇ ਰਹਿਣਗੇ। ਇਸ ਮੌਕੇ ਬੁੱਢਾ ਦਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ, ਗਿ. ਅਮਰਜੀਤ ਸਿੰਘ, ਬਾਬਾ ਨਾਗਰ ਸਿੰਘ, ਬਾਬਾ ਗੁਰਮੇਲ ਸਿੰਘ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਇੰਦਰਬੀਰ ਸਿੰਘ ਸਤਲਾਣੀ, ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਭਾਈ ਗੁਰਪ੍ਰੀਤ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਵੀ ਵਿਸ਼ੇਸ਼ ਤੇ ਸਨਮਾਨਤ ਕੀਤਾ। ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਧੰਨਾ ਸਿੰਘ, ਬਾਬਾ ਹਰਪ੍ਰੀਤ ਸਿੰਘ, ਬਾਬਾ ਖੜਕ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਅਮਰੀਕ ਸਿੰਘ, ਬਾਬਾ ਭਗਤ ਸਿੰਘ ਆਦਿ ਹਾਜ਼ਰ ਸਨ।