ਬਾਬਾ ਬੁੱਢਾ ਜੀ ਦੀ ਜੀਵਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ
ਬਾਬਾ ਬੁੱਢਾ ਜੀ ਦੀ ਜੀਵਨੀ :
ਬਾਬਾ ਬੁੱਢਾ ਜੀ ਦਾ ਜਨਮ 1506 ਈ: ਨੂੰ ਭਾਈ ਸੁਘਾ ਜੀ ਰੰਧਾਵਾ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਜੀ ਦਾ ਨਾਮ ਬੁੜਾ ਰੱਖਿਆ ਗਿਆ। ਕੁਝ ਸਮੇਂ ਬਾਅਦ ਬਾਬਾ ਬੁੱਢਾ ਜੀ ਆਪਣੇ ਪਰਿਵਾਰ ਸਮੇਤ ਪਿੰਡ ਰਮਦਾਸ ਰਹਿਣ ਲੱਗ ਪਏ।ਇੱਕ ਵਾਰ ਗੁਰੂ ਨਾਨਕ ਦੇਵ ਜੀ ਪਿੰਡ ਰਮਦਾਸ ਵਿੱਚ ਠਹਿਰੇ ਹੋਏ ਸਨ ਅਤੇ ਬਾਬਾ ਬੁੱਢਾ ਜੀ ਨੂੰ ਮਿਲੇ। ਉਸ ਸਮੇਂ ਬਾਬਾ ਬੁੱਢਾ ਜੀ ਦੀ ਉਮਰ 12 ਸਾਲ ਸੀ। ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਵਿਚਕਾਰ ਬੈਠ ਕੇ ਕੀਰਤਨ ਕਰ ਰਹੇ ਸਨ। ਕੀਰਤਨ ਤੋਂ ਬਾਅਦ, ਗੁਰੂ ਨਾਨਕ ਦੇਵ ਜੀ ਇੱਕ ਬੱਚੇ ਨੂੰ ਆਪਣੇ ਲਈ ਇੱਕ ਭਾਂਡੇ ਵਿੱਚ ਦੁੱਧ ਲੈ ਕੇ ਆਉਂਦੇ ਹੋਏ ਦੇਖਦੇ ਹਨ, ਉਹ ਬੱਚਾ ਕੋਈ ਹੋਰ ਨਹੀਂ ਸਗੋਂ ਬਾਬਾ ਬੁੱਢਾ ਜੀ ਸੀ। ਬਾਬਾ ਬੁੱਢਾ ਜੀ ਹਰ ਰੋਜ਼ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸੁਣਨ ਲਈ ਕੀਰਤਨ ਵਿੱਚ ਆਉਂਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਲਈ ਭਾਂਡੇ ਵਿਚ ਦੁੱਧ ਲਿਆਉਂਦੇ ਸਨ। ਗੁਰੂ ਜੀ ਨੇ ਇੱਕ ਵਾਰ ਬਾਬਾ ਬੁੱਢਾ ਜੀ ਨੂੰ ਉਸ ਬਾਰੇ ਪੁੱਛਿਆ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਜਨਮ ਮਰਨ ਤੋਂ ਮੁਕਤ ਕਰਨ ਲਈ ਕਿਹਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਸੀਂ ਅਜੇ ਬੱਚੇ ਹੋ ਅਤੇ ਬੁੱਢੇ ਵਾਂਗ ਗੱਲਾਂ ਕਰ ਰਹੇ ਹੋ। ਗੁਰੂ ਨਾਨਕ ਦੇਵ ਜੀ ਉਹਨਾਂ ਦੀ ਗੱਲਾਂ ਤੋਂ ਬਹੁਤ ਪ੍ਰਸੰਨ ਹੋਏ ਅਤੇ ਕਿਹਾ ਕਿ ਤੇਰਾ ਨਾਮ ਬੁੜਾ ਨਹੀਂ ਬੁੱਢਾ ਹੋਣਾ ਚਾਹੀਦਾ ਹੈ। ਉਸੇ ਦਿਨ ਤੋਂ ਬਾਬਾ ਜੀ ਦਾ ਨਾਮ ਬੁੜੇ ਤੋਂ ਬਦਲ ਕੇ ਬਾਬਾ ਬੁੱਢਾ ਜੀ ਹੋ ਗਿਆ।

ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸੇਵਕ ਬਣ ਗਏ ਅਤੇ ਆਪਣੇ ਮਾਤਾ-ਪਿਤਾ ਤੋਂ ਆਗਿਆ ਲੈ ਕੇ ਗੁਰੂ ਜੀ ਦੇ ਨਾਲ ਕਰਤਾਰਪੁਰ ਚਲੇ ਗਏ ਅਤੇ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ । ਆਪ ਜੀ ਨੇ ਆਪਣਾ ਜੀਵਨ ਸੰਗਤਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਅਤੇ ‘ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ’ ਦਾ ਉਪਦੇਸ਼ ਹਾਸਲ ਕੀਤਾ।

ਜਦੋਂ ਬਾਬਾ ਬੁੱਢਾ ਜੀ 20 ਸਾਲ ਦੇ ਹੋ ਗਏ ਤਾਂ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਵਿਆਹ ਕਰਵਾਉਣ ਲਈ ਘਰ ਲਿਜਾਉਣ ਲਈ ਆਏ । ਪਰ ਬਾਬਾ ਬੁੱਢਾ ਜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਗ੍ਰਹਿਸਥੀ ਜੀਵਨ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦਾ, ਮੈਂ ਕੇਵਲ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕਰਨੀ ਚਾਹੁੰਦਾ ਹਾਂ। ਕਿਹਾ ਜਾਂਦਾ ਹੈ ਕਿ ਫਿਰ ਬਾਬਾ ਜੀ ਦੇ ਮਾਤਾ-ਪਿਤਾ ਗੁਰੂ ਨਾਨਕ ਦੇਵ ਜੀ ਕੋਲ ਗਏ ਅਤੇ ਕਿਹਾ ਕਿ ਤੁਸੀਂ ਬੁੱਢੇ ਨੂੰ ਸਮਝਾਓ ਕਿ ਉਹ ਵਿਆਹ ਲਈ ਰਾਜ਼ੀ ਹੋ ਜਾਵੇ ਤਾਂ ਜੋ ਸਾਡਾ ਖਾਨਦਾਨ ਅੱਗੇ ਵਧ ਸਕੇ, ਸਾਡੇ ਕੋਲ ਤਾਂ ਇਕ ਹੀ ਪੁੱਤਰ ਹੈ ਜੇਕਰ ਦੋ ਪੁੱਤਰ ਹੁੰਦੇ ਤਾਂ ਅਸੀਂ ਯਕੀਨੀ ਤੌਰ `ਤੇ ਬੁੱਢੇ ਨੂੰ ਸੰਤ ਬਣਾ ਦੇਣਾ ਸੀ। ਫਿਰ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਬਾਬਾ ਬੁੱਢਾ ਜੀ ਦੌੜ ਕੇ ਗੁਰੂ ਨਾਨਕ ਦੇਵ ਜੀ ਕੋਲ ਆਏ। ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸਮਝਾਇਆ ਕਿ ਉਹ ਆਪਣੇ ਪਰਿਵਾਰਕ ਜੀਵਨ ਵਿੱਚ ਰਹਿ ਕੇ ਵੀ ਸੇਵਾ ਕਰ ਸਕਦੇ ਹਨ। ਗੁਰੂ ਜੀ ਦੇ ਸਮਝਾਉਣ ਤੇ ਬਾਬਾ ਬੁੱਢਾ ਜੀ ਵਿਆਹ ਲਈ ਰਾਜ਼ੀ ਹੋ ਗਏ ਅਤੇ ਫਿਰ ਉਨ੍ਹਾਂ ਦਾ ਵਿਆਹ ਬਟਾਲੇ ਦੇ ਪਿੰਡ ਅਚਲ ਵਿੱਚ ਮੇਰੋਆਂ ਨਾਮਕ ਲੜਕੀ ਨਾਲ ਤੈਅ ਹੋਇਆ। ਵਿਆਹ ਤੋਂ ਬਾਅਦ ਵੀ ਬਾਬਾ ਬੁੱਢਾ ਜੀ ਜ਼ਿਆਦਾ ਸਮਾਂ ਕਰਤਾਰਪੁਰ ਹੀ ਰਹਿੰਦੇ ਸਨ।

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਅੰਤਿਮ ਸਮੇਂ ਵਿੱਚ ਸਨ ਤਾਂ ਗੁਰੂ ਜੀ ਨੇ ਆਪਣੇ ਪਿਆਰੇ ਸੇਵਕ ਭਾਈ ਲਹਿਣਾ ਜੀ ਨੂੰ ਸਿੱਖਾਂ ਦਾ ਦੂਜਾ ਗੁਰੂ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਪੈ ਗਿਆ। ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪਣ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਤੋਂ ਅੰਗਦ ਦੇਵ ਜੀ ਨੂੰ ਤਿਲਕ ਲਗਵਾ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੋਂਪੀ ਅਤੇ ਕਿਹਾ ਇਸ ਤੋਂ ਬਾਅਦ ਉਹ ਭਵਿੱਖ ਵਿੱਚ ਬਾਬਾ ਬੁੱਢਾ ਜੀ ਹੀ ਗੁਰਗੱਦੀ ਦੀ ਰਸਮ ਨਿਭਾਉਣਗੇ ਅਤੇ ਸਿੱਖੀ ਦੀ ਸੰਭਾਲ ਕਰਨਗੇ । ਇਸ ਤਰ੍ਹਾਂ ਬਾਬਾ ਬੁੱਢਾ ਜੀ ਦਾ ਸਿੱਖਾਂ ਵਿਚ ਹੋਰ ਸਤਿਕਾਰ ਹੋ ਗਿਆ। ਜਦੋਂ ਗੁਰੂ ਨਾਨਕ ਦੇਵ ਜੀ ਜੋਤਿ ਜੋਤ ਸਮਾ ਗਏ ਤਾਂ ਗੁਰੂ ਅੰਗਦ ਦੇਵ ਜੀ ਬਹੁਤ ਦੁਖੀ ਹੋਏ ਅਤੇ ਗੁਰੂ ਜੀ ਨੇ ਇਕਾਂਤ ਵਿਚ ਰਹਿਣ ਦਾ ਫੈਸਲਾ ਕੀਤਾ। ਗੁਰੂ ਅੰਗਦ ਦੇਵ ਜੀ ਆਪਣੀ ਧਰਮ ਦੀ ਭੈਣ ਮਾਈ ਵਿਰਾਈ ਦੇ ਘਰ ਪਹੁੰਚੇ ਅਤੇ ਮਾਈ ਵਿਰਾਈ ਨੂੰ ਕਿਹਾ ਕਿ ਮੈਂ ਕੁਝ ਸਮਾਂ ਇਕੱਲਾ ਰਹਿਣਾ ਹੈ, ਕਿਰਪਾ ਕਰਕੇ ਸਾਨੂੰ ਇਕੱਲੇ ਰਹਿਣ ਦਿਓ ਅਤੇ ਕਿਹਾ ਕਿ ਜੇਕਰ ਕੋਈ ਸਾਡੇ ਬਾਰੇ ਪੁੱਛੇ ਤਾਂ ਉਸ ਨੂੰ ਕੁਝ ਨਾ ਕਹਿਣਾ। ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਮਾਈ ਵਿਰਾਈ ਜੀ ਨੇ ਗੁਰੂ ਜੀ ਦੇ ਕਮਰੇ ਨੂੰ ਬਾਹਰੋਂ ਤਾਲਾ ਲਗਾ ਦਿੱਤਾ। ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਧਿਆਨ ਵਿੱਚ ਲੀਨ ਹੋ ਗਏ ਅਤੇ ਉਨ੍ਹਾਂ ਨੇ ਖਾਣਾ-ਪੀਣਾ ਛੱਡ ਦਿੱਤਾ। ਸਾਰੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਬੇਚੈਨ ਸੀ ਪਰ ਗੁਰੂ ਜੀ ਦਾ ਕੋਈ ਪਤਾ ਨਹੀਂ ਲੱਗਾ। ਕੁਝ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਬਾਬਾ ਬੁੱਢਾ ਜੀ ਕੋਲ ਆ ਕੇ ਗੁਰੂ ਜੀ ਨੂੰ ਲੱਭਣ ਲਈ ਬੇਨਤੀ ਕਰਦੀਆਂ ਹਨ। ਬਾਬਾ ਬੁੱਢਾ ਜੀ ਅੰਤਰ ਧਿਆਨ ਵਿੱਚ ਚਲੇ ਗਏ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਦੇ ਹੋਏ, ਓਹਨਾ ਦੀ ਸ਼ਰਨ ਵਿੱਚ ਚਲੇ ਗਏ ਹਨ। ਫਿਰ ਬਾਬਾ ਬੁੱਢਾ ਜੀ ਨੇ ਮਾਈ ਵਿਰਾਈ ਦੇ ਘਰ ਦੇ ਕੋਲ ਸੰਗਤਾਂ ਨੂੰ ਨਾਲ ਲਿਜਾ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਕੀਰਤਨ ਅਜੇ ਸ਼ੁਰੂ ਹੀ ਹੋਇਆ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਦਰਵਾਜ਼ਾ ਖੜਕਾਇਆ ਅਤੇ ਫਿਰ ਮਾਈ ਵਿਰਾਈ ਨੇ ਦਰਵਾਜ਼ਾ ਖੋਲ੍ਹਿਆ ਅਤੇ ਗੁਰੂ ਅੰਗਦ ਦੇਵ ਜੀ ਨੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਅੰਤਰ ਧਿਆਨ ਹੋ ਕੇ ਮਾਈ ਵਿਰਾਈ ਜੀ ਦੇ ਵਚਨ ਨੂੰ ਤੋੜਨ ਤੋਂ ਬਚਾਇਆ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਦੀਦਾਰੇ ਵੀ ਕਰਵਾ ਦਿੱਤੇ।

ਬਾਬਾ ਬੁੱਢਾ ਜੀ ਹੀ ਅਜਿਹੇ ਸਿੱਖ ਹਨ ਜਿਨ੍ਹਾਂ ਨੇ 12 ਸਾਲ ਤੋਂ 125 ਸਾਲ ਤੱਕ ਗੁਰੂ ਘਰ ਦੀ ਸੇਵਾ ਕੀਤੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਹੰਕਾਰ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਬ੍ਰਹਮ ਗਿਆਨੀ ਦਾ ਦਰਜਾ ਦਿੱਤਾ ਗਿਆ। ਬਾਬਾ ਬੁੱਢਾ ਜੀ ਹੀ ਇਹੋ ਜਿਹੇ ਸਿੱਖ ਹਨ ਜਿਨ੍ਹਾਂ ਨੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸੱਤਵੇਂ ਗੁਰੂ ਹਰਿਰਾਇ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਅਤੇ ਛੇਵੇਂ ਗੁਰੂ ਤੱਕ ਗੁਰਗੱਦੀ ਦੀ ਰਸਮ ਨਿਭਾਈ, ਬਾਬਾ ਬੁੱਢਾ ਜੀ ਤੋਂ ਬਾਅਦ ਬਾਬਾ ਜੀ ਦੇ ਪੋਤਰਿਆਂ ਨੇ ਇਹ ਗੁਰਗੱਦੀ ਦੀ ਰਸਮ ਨਿਭਾਈ।
ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਬਹੁਤ ਹੀ ਪਿਆਰੇ ਸੇਵਕ ਸਨ ਜੋ ਗੁਰੂ ਜੀ ਦੇ ਇਸ਼ਨਾਨ ਲਈ ਬਿਆਸ ਦਰਿਆ ਤੋਂ ਪਾਣੀ ਲਿਆਉਂਦੇ ਸਨ। ਬਾਬਾ ਬੁੱਢਾ ਜੀ ਦੇਖ ਰਹੇ ਸਨ ਕਿ ਜਿਵੇਂ ਹੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਭਗਤੀ ਵਿਚ ਰੁੱਝੇ ਹੋਏ ਸਨ, ਗੁਰੂ ਅੰਗਦ ਦੇਵ ਜੀ ਦੇ ਦੋਵੇਂ ਪੁੱਤਰ ਦਾਤੂ ਜੀ ਅਤੇ ਦਾਸੂ ਜੀ ਈਰਖਾ ਨਾਲ ਸੜ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਅੰਗਦ ਦੇਵ ਜੀ ਆਪਣੇ ਪਿਆਰੇ ਸੇਵਕ ਅਮਰਦਾਸ ਜੀ ਨੂੰ ਹੀ ਗੁਰਗੱਦੀ ਸੌਂਪ ਦੇਣਗੇ। ਬਾਬਾ ਬੁੱਢਾ ਜੀ ਨੇ ਗੁਰੂ ਪੁੱਤਰਾਂ ਨੂੰ ਸਮਝਾਇਆ ਕਿ ਇਹ ਕੋਈ ਜਾਇਦਾਦ ਨਹੀਂ ਹੈ ਅਤੇ ਸੇਵਾ ਕਰਨ ਵਾਲੇ ਨੂੰ ਹੀ ਫਲ ਮਿਲਦਾ ਹੈ ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਤੋਂ ਤਿਲਕ ਲਗਾ ਕੇ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਦੇ ਤੀਜੇ ਗੁਰੂ ਬਣਾ ਦਿੱਤਾ । ਦੁਸ਼ਮਣੀ ਤੋਂ ਬਚਣ ਲਈ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਆ ਗਏ। ਗੋਇੰਦਵਾਲ ਵੀ ਖਡੂਰ ਸਾਹਿਬ ਵਾਂਗ ਹੀ ਰੌਣਕਾਂ ਲੱਗਣ ਲਗਿਆਂ । ਇੱਕ ਵਾਰ ਦਾਸੂ ਜੀ ਗੁੱਸੇ ਵਿੱਚ ਗੋਇੰਦਵਾਲ ਆਏ ਅਤੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਗੱਦੀ ਤੋਂ ਡੇਗ ਦਿੱਤਾ ਅਤੇ ਉਹ ਆਪ ਗੁਰੂ ਬਣ ਕੇ ਬੈਠ ਗਿਆ । ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ ਨੇ ਦਾਸੂ ਜੀ ਦੇ ਪੈਰ ਫੜ ਲਏ ਅਤੇ ਕਿਹਾ, “ਕੀ ਤੁਹਾਡੇ ਨਾਜ਼ੁਕ ਪੈਰਾਂ ਵਿੱਚ ਸੱਟ ਤਾਂ ਨਹੀਂ ਲੱਗੀ ?” ਇਹ ਦੇਖ ਕੇ ਸੰਗਤਾਂ ਗੁੱਸੇ ਵਿਚ ਆ ਗਈਆਂ ਅਤੇ ਦਾਸੂ ਜੀ ਨੂੰ ਗੋਇੰਦਵਾਲ ਤੋਂ ਭਜਾ ਦਿੱਤਾ। ਇਸ ਤੋਂ ਬਾਅਦ ਬਿਨਾਂ ਕਿਸੇ ਨੂੰ ਦੱਸੇ ਗੁਰੂ ਅਮਰਦਾਸ ਜੀ ਆਪਣੀ ਘੋੜੀ `ਤੇ ਸਵਾਰ ਹੋ ਕੇ ਗੋਇੰਦਵਾਲ ਛੱਡ ਕੇ ਆਪਣੇ ਪਿੰਡ ਬਾਸਰਕੇ ਚਲੇ ਗਏ। ਕੁਝ ਦੇਰ ਬਾਅਦ ਘੋੜੀ ਆਪਣੀ ਥਾਂ `ਤੇ ਵਾਪਸ ਆ ਗਈ। ਇਸ ਸਮੇਂ ਬਾਬਾ ਬੁੱਢਾ ਜੀ ਆਪਣੇ ਪਿੰਡ ਗਏ ਹੋਏ ਸਨ। ਜਦੋਂ ਬਾਬਾ ਬੁੱਢਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੋਇੰਦਵਾਲ ਆਏ ਅਤੇ ਸੰਗਤਾਂ ਨੂੰ ਹੋਂਸਲਾ ਦਿੰਦੇ ਹੋਏ ਕਿਹਾ ਕਿ ਉਸ ਘੋੜੀ ਨੂੰ ਅਜਾਦ ਛੱਡਣ ਲਈ ਕਿਹਾ ਅਤੇ ਫਿਰ ਸੰਗਤਾਂ ਘੋੜੀ ਦੇ ਪਿੱਛੇ ਕੀਰਤਨ ਕਰਦੀਆਂ ਹੋਈਆਂ ਬਾਸਰਕੇ ਨੂੰ ਜਾਣ ਲੱਗ ਪਈਆਂ। ਘੋੜੀ ਬਾਸਰਕੇ ਪਹੁੰਚੀ ਅਤੇ ਇੱਕ ਘਰ ਦੇ ਬਾਹਰ ਰੁਕ ਗਈ। ਦਰਵਾਜ਼ੇ `ਤੇ ਲਿਖੇ ਸ਼ਬਦ ਦੇਖ ਕੇ ਸੰਗਤਾਂ ਨਿਰਾਸ਼ ਹੋ ਗਈ ਦਰਵਾਜੇ ਉੱਤੇ ਲਿਖਿਆ ਸੀ ਕਿ ਜਿਸ ਨੇ ਦਰਵਾਜ਼ਾ ਖੋਲ੍ਹਿਆ ਉਹ ਸਾਡਾ ਸਿੱਖ ਨਹੀਂ ਹੋਵੇਗਾ। ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਹੁਣ ਓਹੀ ਕੁੱਝ ਕਰਨ । ਬਾਬਾ ਜੀ ਨੇ ਕਮਰੇ ਦੀ ਪਿਛਲੀ ਕੰਧ ਵਿੱਚ ਇੱਕ ਵੱਡਾ ਮੋਰਾ ਕਰ ਦਿੱਤਾ ਅਤੇ ਕਮਰੇ ਦੇ ਅੰਦਰ ਦਾਖਲ ਹੋਏ ਜਿੱਥੇ ਗੁਰੂ ਅਮਰਦਾਸ ਜੀ ਸਮਾਧੀ ਵਿੱਚ ਬੈਠੇ ਸਨ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਚਰਨ ਛੂਹ ਕੇ ਮੱਥਾ ਟੇਕਿਆ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ, “ਕੀ ਤੁਸੀਂ ਦਰਵਾਜ਼ੇ `ਤੇ ਲਿਖਿਆ ਨਹੀਂ ਪੜ੍ਹਿਆ?” ਤੁਸੀਂ ਸਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਤਾਂ ਬਾਬਾ ਬੁੱਢਾ ਜੀ ਕਹਿੰਦੇ ਹਨ ਕਿ ਮੈਂ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਸਗੋਂ ਕਮਰੇ ਦੀ ਪਿਛਲੀ ਕੰਧ ਤੋੜ ਕੇ ਹੀ ਤੁਹਾਡੇ ਦਰਸ਼ਨ ਕੀਤੇ। ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਜੱਫੀ ਪਾ ਲਈ। ਸੰਗਤਾਂ ਨਿਹਾਲ ਹੋਕੇ ਬੋਲੀਆਂ, `ਧੰਨ ਭਾਈ ਬੁੱਢਾ ਜਿਨ ਗੁਰ ਲੱਧਾ`।
ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਤੁਸੀਂ ਸਿੱਖੀ ਦੇ ਚਮਕਦੇ ਸਿਤਾਰੇ ਹੋ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਦੇ ਪਿਆਰੇ ਸੇਵਕ ਭਾਈ ਜੇਠਾ ਜੀ ਨੂੰ ਗੁਰਗੱਦੀ ਦੀ ਰਸਮ ਨਿਭਾਕੇ ਗੁਰੂ ਬਣਾਇਆ।

ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ। ਲਾਹੌਰ ਵਿੱਖੇ ਬਾਉਲੀ ਵੀ ਬਣਵਾਈ। ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ। ਗੁਰੂ ਰਾਮਦਾਸ ਜੀ ਨੇ ਇੱਕ ਵਾਰ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਬਹੁਤ ਪਿਆਰੇ ਸੇਵਕ ਹੋ ਅਤੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਵੀ ਪਿਆਰੇ ਹੋ, ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੇ ਤਿੰਨ ਪੁੱਤਰਾਂ ਵਿੱਚੋਂ ਕਿਹੜਾ ਪੁੱਤਰ ਗੁਰਗੱਦੀ ਦੇ ਲਾਇਕ ਹੋਵੇਗਾ? ਬਾਬਾ ਜੀ ਨੇ ਕਿਹਾ ਕਿ ਗੁਰੂ ਜੀ ਆਪ ਨੇ ਦੇਖਿਆ ਹੀ ਹੈ ਕਿ ਪ੍ਰਿਥੀ ਚੰਦ ਧੋਖੇ ਨਾਲ ਗੁਰਗੱਦੀ ਹਾਸਿਲ ਕਰਨਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਅਰਜਨ ਜੀ ਹਨ ਜੋ ਹਰ ਸਮੇਂ ਗੁਰੂ ਘਰ ਦੀ ਸੇਵਾ ਕਰਦੇ ਹਨ ਅਤੇ ਨਾ ਪੈਸੇ ਨਾਲ ਮੋਹ ਰੱਖਦੇ ਹਨ ਅਤੇ ਨਾ ਹੀ ਕਿਸੇ ਗੱਲ ਦਾ ਹੰਕਾਰ ਕਰਦੇ ਹਨ। ਜਦੋਂ ਪ੍ਰਿਥੀ ਚੰਦ ਨੇ ਬਾਬਾ ਜੀ `ਤੇ ਆਪਣਾ ਗੁੱਸਾ ਕੱਢਣਾ ਚਾਹਿਆ ਤਾਂ ਬਾਬਾ ਜੀ ਨੇ ਪ੍ਰਿਥੀ ਚੰਦ ਨੂੰ ਸਮਝਾਇਆ ਕਿ ਇਹ ਗੁਰਗੱਦੀ ਕਿਸੇ ਦੀ ਵਿਰਾਸਤ ਨਹੀਂ ਹੈ, ਕੇਵਲ ਸੱਚਾ ਸੇਵਕ ਹੀ ਗੁਰਗੱਦੀ ਦੇ ਲਾਇਕ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਬਾਬਾ ਜੀ ਨੂੰ ਕਿੰਨੀ ਇੱਜਤ ਦਿੱਤੀ ਹੈ। ਗੁਰੂ ਰਾਮਦਾਸ ਜੀ ਨੇ ਗੁਰਗੱਦੀ ਅਰਜਨ ਜੀ ਨੂੰ ਸੌਂਪੀ ਅਤੇ ਗੋਇੰਦਵਾਲ ਚਲੇ ਗਏ। ਗੁਰੂ ਜੀ ਅਜੇ ਗੋਇੰਦਵਾਲ ਪਹੁੰਚੇ ਹੀ ਸਨ ਕਿ ਜੋਤਿ ਜੋਤ ਸਮਾ ਗਏ । ਜਦੋਂ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਪ੍ਰਿਥੀ ਚੰਦ ਨੇ ਬਹੁਤ ਰੋਸ ਪ੍ਰਗਟਾਇਆ ਅਤੇ ਓਹਨਾ ਤੋਂ ਗੁਰਗੱਦੀ ਖੋਹਣ ਦੀਆਂ ਵਿਉਂਤਾਂ ਬਣਾਈਆਂ ਪਰ ਬਾਬਾ ਬੁੱਢਾ ਜੀ ਨੇ ਪ੍ਰਿਥੀ ਚੰਦ ਦੀ ਇੱਕ ਵੀ ਵਿਓਂਤ ਨੂੰ ਕਾਮਯਾਬ ਨਹੀਂ ਹੋਣ ਦਿੱਤਾ।

ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਤੋਂ ਬਾਅਦ ਕਾਫੀ ਸਮਾਂ ਤੱਕ ਗੁਰੂ ਜੀ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ । ਜਿਸ ਕਾਰਨ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਬਹੁਤ ਦੁਖੀ ਰਹਿੰਦੇ ਸਨ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਪੁੱਤਰ ਪ੍ਰਾਪਤੀ ਦਾ ਵਰਦਾਨ ਮੰਗਣ ਲਈ ਭੇਜਿਆ ਅਤੇ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਬਾਬਾ ਜੀ ਤੋਂ ਬੜੀ ਸਾਦਗੀ ਨਾਲ ਵਰਦਾਨ ਮੰਗਣ, ਮਿੱਸੀ ਰੋਟੀ, ਅਚਾਰ, ਪਿਆਜ਼ ਅਤੇ ਲੱਸੀ ਲੈ ਕੇ ਨੰਗੇ ਪੈਰੀਂ ਚੱਲਕੇ ਬਾਬਾ ਜੀ ਨੂੰ ਭੋਜਨ ਛਕਾ ਕੇ ਆਉਣਾ ਅਤੇ ਮਾਤਾ ਜੀ ਨੇ ਉਸੇ ਤਰ੍ਹਾਂ ਜਾ ਕੇ ਬਾਬਾ ਜੀ ਨੂੰ ਭੋਜਨ ਛਕਾਇਆ । ਬਾਬਾ ਜੀ ਨੇ ਬੜੇ ਪਿਆਰ ਨਾਲ ਭੋਜਨ ਛਕਿਆ ਅਤੇ ਪਿਆਜ਼ ਨੂੰ ਆਪਣੇ ਹੱਥਾਂ ਨਾਲ ਤੋੜ ਕੇ ਕਿਹਾ ਕਿ ਤੁਹਾਡੇ ਘਰ ਇੱਕ ਮਹਾਨ ਅਤੇ ਹੁਸ਼ਿਆਰ ਪੁੱਤਰ ਪੈਦਾ ਹੋਵੇਗਾ ਜੋ ਇਸ ਪਿਆਜ਼ ਵਾਂਗ ਦੁਸ਼ਟਾਂ ਦਾ ਸਿਰ ਭੰਨੇਗਾ। ਵਰਦਾਨ ਅਨੁਸਾਰ, ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਇੱਕ ਬਹਾਦਰ ਅਤੇ ਹੁਸ਼ਿਆਰ ਪੁੱਤਰ ਦਾ ਜਨਮ ਹੋਇਆ ਜੋ ਸਿੱਖਾਂ ਦੇ ਛੇਵੇਂ ਗੁਰੂ ਹੋਏ। ਇਤਿਹਾਸ ਵਿੱਚ ਦਰਜ ਹੈ ਕਿ ਬੱਚੇ ਦਾ ਨਾਮ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੇ ਰੱਖਿਆ ਸੀ ਅਤੇ ਸਿੱਖਿਆ ਵੀ ਬਾਬਾ ਜੀ ਨੇ ਹੀ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਰਚਨਾ ਕੀਤੀ ਅਤੇ ਸਭ ਤੋਂ ਪਹਿਲਾਂ ਸ੍ਰੀ ਹਰਮਿੰਦਰ ਸਾਹਿਬ ਵਿੱਚ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਵੱਜੋਂ ਨਿਯੁਕਤ ਕੀਤਾ ਗਿਆ। ਬਾਬਾ ਬੁੱਢਾ ਜੀ ਹਰਮਿੰਦਰ ਸਾਹਿਬ ਵਿਖੇ ਸੰਗਤਾਂ ਨੂੰ ਆਦਿ ਗ੍ਰੰਥ ਦਾ ਸਰਲ ਉਪਦੇਸ਼ ਸਮਝਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਿਲਕ ਲਗਾ ਕੇ ਛੇਵੇਂ ਗੁਰੂ ਦਾ ਦਰਜ ਦਿੱਤਾ ਅਤੇ ਉਨ੍ਹਾਂ ਨੂੰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਦਿੱਤੀਆਂ, ਕਿਹਾ ਜਾਂਦਾ ਹੈ ਕਿ ਜਦੋਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਸੀ ਤਾਂ ਬਾਬਾ ਬੁੱਢਾ ਜੀ ਹੀ ਸਨ ਜਿਨ੍ਹਾਂ ਨੇ ਸਿੱਖ ਸੰਗਤ ਦਾ ਮਨੋਬਲ ਬਣਾ ਕੇ ਰੱਖਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਮਿੰਦਰ ਸਾਹਿਬ ਦੀ ਉਸਾਰੀ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪੀ ਸੀ।

ਬਾਬਾ ਬੁੱਢਾ ਜੀ ਆਪਣੇ ਜੀਵਨ ਦੇ ਆਖਰੀ ਸਾਲ ਆਪਣੇ ਪਿੰਡ ਰਮਦਾਸ ਵਿੱਚ ਬਿਤਾਉਣਾ ਚਾਹੁੰਦੇ ਸਨ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਉਹ ਓਹਨਾ ਨੂੰ ਆਗਿਆ ਦੇਣ ਅਤੇ ਓਹਨਾ ਦੇ ਬੁਲਾਉਣ ਤੇ ਦਰਸ਼ਨ ਜਰੂਰ ਦੇਣ। ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਭੋਗ ਕੇ ਵੀ ਥੱਕੇ ਨਹੀਂ ਸਗੋਂ ਰਮਦਾਸ ਆ ਕੇ ਵੀ ਸੰਗਤਾਂ ਨੂੰ ਗੁਰਬਾਣੀ ਦਾ ਅਭਿਆਸ ਕਰਵਾਉਂਦੇ ਰਹੇ। ਜਦੋਂ ਬਾਬਾ ਜੀ ਦਾ ਸਮਾਂ ਨੇੜੇ ਆਇਆ ਤਾਂ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਰਸ਼ਨ ਦੇਣ ਲਈ ਸੁਨੇਹਾ ਭੇਜਿਆ। ਜਿਵੇਂ ਹੀ ਗੁਰੂ ਜੀ ਨੂੰ ਸੁਨੇਹਾ ਮਿਲਿਆ, ਗੁਰੂ ਹਰਗੋਬਿੰਦ ਜੀ ਤੁਰੰਤ ਬਾਬਾ ਬੁੱਢਾ ਜੀ ਕੋਲ ਆ ਪਹੁੰਚੇ । ਗੁਰੂ ਜੀ ਨੇ ਆ ਕੇ ਬਾਬਾ ਜੀ ਦੇ ਚਰਨ ਛੂਹੇ। ਇਸ ਤਰਾਂ ਪਤਾ ਚਲਦਾ ਹੈ ਕਿ ਗੁਰੂ ਜੀ ਬਾਬਾ ਜੀ ਦਾ ਕਿੰਨਾ ਸਤਿਕਾਰ ਕਰਦੇ ਸਨ ਅਤੇ ਸਿੱਖ ਧਰਮ ਵਿੱਚ ਉਨ੍ਹਾਂ ਦੀ ਕੀ ਮਹੱਤਤਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਹਨ ਅਤੇ ਓਹਨਾ ਦੇ ਉਪਦੇਸ਼ ਸੁਣੇ ਹਨ, ਆਪ ਜੀ ਓਹਨਾ ਦੇ ਉਪਦੇਸ਼ਾਂ ਤੋਂ ਕੋਈ ਸਿੱਖਿਆ ਦਿਓ। ਬਾਬਾ ਬੁੱਢਾ ਜੀ ਨੇ ਕਿਹਾ ਕਿ ਮੈਂ ਤਾਂ ਇੱਕ ਮਾਮੂਲੀ ਪ੍ਰਾਣੀ ਹਾਂ, ਗੁਰੂ ਸਾਹਿਬਾਨ ਉਪਦੇਸ਼ ਕਿਵੇਂ ਦੱਸਾਂ। ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਜੀ ਅਤੇ ਬਾਬਾ ਬੁੱਢਾ ਜੀ ਸਾਰੀ ਰਾਤ ਗੱਲਬਾਤ ਕਰਦੇ ਰਹੇ ਅਤੇ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਨੇ ਸਰੀਰ ਤਿਆਗ ਦਿੱਤਾ।
ਬਾਬਾ ਬੁੱਢਾ ਜੀ ਦਾ ਅੰਤਿਮ ਸੰਸਕਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ। ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ, ਜਿੱਥੇ ਬਾਬਾ ਬੁੱਢਾ ਜੀ ਦਾ ਪਿੰਡ ਸੀ ਅਤੇ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ, ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਬੁੱਢਾ ਜੀ ਸਥਾਪਿਤ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ।

ਇਹ ਸੀ ਬਾਬਾ ਬੁੱਢਾ ਜੀ ਦਾ ਜੀਵਨ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਵੇਗੀ , ਇਹੋ ਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਿਤਨੇਮ ਪਾਠ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ

Leave a Comment

Your email address will not be published. Required fields are marked *

Scroll to Top