ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਮੀਟਿੰਗ ਵਿੱਚ ਕਰੋੜਾਂ ਦੇ ਵਰਕ ਆਰਡਰ ਜਾਰੀ

ਪਟਿਆਲਾ, 27 ਅਕਤੂਬਰ  — ਨਗਰ ਨਿਗਮ ਪਟਿਆਲਾ ਵੱਲੋਂ ਅੱਜ ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਕੌਂਸਲਰ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।

ਇਸ ਮੀਟਿੰਗ ਵਿੱਚ ਨਿਗਰਾਨ ਇੰਜੀਨੀਅਰ, ਹੈਲਥ ਅਫਸਰ, ਸਹਾਇਕ ਕਮਿਸ਼ਨਰ ਅਤੇ ਡੀ.ਸੀ.ਐਫ.ਏ. ਸਮੇਤ ਹੋਰ ਉੱਚ ਅਧਿਕਾਰੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ, ਸੁੰਦਰਤਾ ਅਤੇ ਜਨ ਸਹੂਲਤਾਂ ਨਾਲ ਸੰਬੰਧਤ ਕਈ ਅਹਿਮ ਪ੍ਰਸਤਾਵਾਂ ‘ਤੇ ਵਿਚਾਰ ਕਰਦੇ ਹੋਏ ਉਨ੍ਹਾਂ ਨੂੰ ਪ੍ਰਵਾਨ ਕੀਤਾ ਗਿਆ।

ਮੀਟਿੰਗ ਵਿੱਚ ਮੇਅਰ ਅਤੇ ਕਮਿਸ਼ਨਰ ਵਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੱਤੀ ਗਈ ਕਿ ਐਲ ਐਂਡ ਟੀ ਕੰਪਨੀ ਵੱਲੋਂ ਪੁੱਟੀਆਂ ਸੜਕਾਂ ਦੀ ਰੀਕਾਰਪੇਟਿੰਗ ਕਰਨ ਲਈ ਲਗਭਗ ₹4 ਕਰੋੜ 80 ਲੱਖ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ ਹਨ।

ਜਿਸ ਵਿੱਚ ਡੇਰਾ ਬਾਬਾ ਜੱਸਾ ਸਿੰਘ ਸੜਕ, ਢਿਲੋ ਕਲੋਨੀ, ਮਹਿੰਦਰਾ ਕਲੋਨੀ ਨਾਲ ਲੱਗਦੀਆਂ ਸੜਕਾਂ, ਸੁਨਾਮੀ ਗੇਟ ਨੇੜੇ ਰੋਜ਼ ਐਵਨਿਊ, ਝਿੱਲ ਤੋਂ ਆਨੰਦ ਨਗਰ ਮੇਨ ਰੋਡ, ਪ੍ਰੇਮ ਨਗਰ, ਹਰਿੰਦਰ ਨਗਰ, ਗਰੀਨ ਪਾਰਕ ਕਲੋਨੀ, ਉੱਧਮ ਸਿੰਘ ਨਗਰ, ਫਰੈਂਡਜ਼ ਕਲੋਨੀ ਅਤੇ ਤ੍ਰਿਪੜੀ ਮੇਨ ਰੋਡ ਸ਼ਾਮਲ ਹਨ.

ਉਪਰੋਕਤ ਦੋਹਾਂ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਰੀਕਾਰਪੇਟਿੰਗ ਨਾਲ ਸ਼ਹਿਰ ਦੇ ਟ੍ਰੈਫਿਕ ਪ੍ਰਬੰਧ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਲੋਕਾਂ ਨੂੰ ਸੁਵਿਧਾਜਨਕ ਆਵਾਜਾਈ ਪ੍ਰਾਪਤ ਹੋਵੇਗੀ। ਮੇਅਰ ਗੋਗੀਆ ਨੇ ਕਿਹਾ ਕਿ ਜਿੱਥੇ ਵੀ ਸੜਕਾਂ ਦੀ ਹਾਲਤ ਖ਼ਰਾਬ ਹੈ, ਉਨ੍ਹਾਂ ਨੂੰ ਤੁਰੰਤ ਮਰੰਮਤ ਕੀਤਾ ਜਾਵੇਗਾ ਤਾਂ ਜੋ ਪਟਿਆਲਾ ਸ਼ਹਿਰ ਦਾ ਹਰੇਕ ਵਾਰਡ ਵਿਕਾਸ ਦੀ ਮੁੱਖ ਧਾਰਾ ਨਾਲ ਜੁੜ ਸਕੇ।

ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਅਲੀਪੁਰ, ਅਜਾਦ ਨਗਰ, ਵਿਜੈ ਨਗਰ ਅਤੇ ਵਾਰਡ ਨੰਬਰ 16 ਵਿੱਚ ਵਿਕਾਸ ਕਾਰਜਾਂ ਲਈ ₹1 ਕਰੋੜ 80 ਲੱਖ ਰੁਪਏ ਦੇ ਵਰਕ ਆਰਡਰ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਹ ਰਕਮ ਇਨ੍ਹਾਂ ਇਲਾਕਿਆਂ ਵਿੱਚ ਸੜਕਾਂ, ਡ੍ਰੇਨਜ ਸਿਸਟਮ ਅਤੇ ਬੁਨਿਆਦੀ ਸਹੂਲਤਾਂ ਦੇ ਸੁਧਾਰ ਲਈ ਵਰਤੀ ਜਾਵੇਗੀ।

ਇਸ ਤੋਂ ਇਲਾਵਾ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਲਾਂਟੇਸ਼ਨ ਅਤੇ ਲੈਂਡਸਕੇਪਿੰਗ ਕਾਰਜਾਂ ਲਈ ₹10 ਲੱਖ ਰੁਪਏ ਦਾ ਐਸਟੀਮੇਟ ਪਾਸ ਕੀਤਾ ਗਿਆ। ਇਸ ਤਹਿਤ ਸ਼ਹਿਰ ਦੀਆਂ ਖਾਲੀ ਥਾਵਾਂ ਤੇ ਨਵੇਂ ਪੌਦੇ ਲਗਾ ਕੇ ਹਰੇ-ਭਰੇ ਵਾਤਾਵਰਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਮੇਅਰ ਨੇ ਕਿਹਾ ਕਿ ਸ਼ਹਿਰ ਵਿੱਚ ਹਰਿਆਲੀ ਵਧਾਉਣਾ ਅਤੇ ਪ੍ਰਦੂਸ਼ਣ ਘਟਾਉਣਾ ਉਨ੍ਹਾਂ ਦੀ ਪਹਿਲ ਹੈ, ਜਿਸ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ।

ਮੀਟਿੰਗ ਵਿੱਚ ਸ਼ਹਿਰ ਦੀਆਂ ਸੀਵਰ ਲਾਈਨਾਂ, ਵਾਟਰ ਸਪਲਾਈ ਸਿਸਟਮ, ਸਟਰੀਟ ਲਾਈਟਾਂ, ਟ੍ਰੈਫਿਕ ਲਾਈਟਾਂ, ਕਲੋਰੀਨੇਸ਼ਨ ਪ੍ਰਕਿਰਿਆ ਅਤੇ ਪਾਰਕਾਂ ਦੀ ਮੁਰੰਮਤ ਤੇ ਸੰਭਾਲ ਲਈ 2 ਕਰੋੜ 25 ਲੱਖ ਰੁਪਏ ਦੇ ਐਸਟੀਮੇਟ ਵੀ ਮਨਜ਼ੂਰ ਕੀਤੇ ਗਏ। ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਹਰ ਇਲਾਕੇ ਵਿੱਚ ਰਾਤ ਦੇ ਸਮੇਂ ਸਟਰੀਟ ਲਾਈਟਾਂ ਚੰਗੀ ਤਰ੍ਹਾਂ ਚੱਲਣ, ਟ੍ਰੈਫਿਕ ਲਾਈਟਾਂ ਸੁਚਾਰੂ ਕੰਮ ਕਰਨ ਅਤੇ ਪਾਣੀ ਦੀ ਸਪਲਾਈ ਵਿਚ ਰੁਕਾਵਟ ਨਾ ਆਵੇ, ਇਸ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਸਾਰੇ ਵਿਭਾਗਾਂ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਇਤਿਹਾਸਕ ਪਛਾਣ ਨੂੰ ਕਾਇਮ ਰੱਖਦੇ ਹੋਏ ਇਸਨੂੰ ਆਧੁਨਿਕ ਸੁਵਿਧਾਵਾਂ ਨਾਲ ਸਜਾਉਣਾ ਨਗਰ ਨਿਗਮ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਵਾਰਡ ਵਿੱਚ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸੁਚਾਰੂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਮੀਟਿੰਗ ਦੇ ਅੰਤ ‘ਤੇ ਸਾਰੇ ਹਾਜ਼ਰ ਅਧਿਕਾਰੀਆਂ ਨੇ ਇਹ ਵਿਸ਼ਵਾਸ ਜਤਾਇਆ ਕਿ ਇਹਨਾਂ ਪ੍ਰਸਤਾਵਾਂ ਦੀ ਤੁਰੰਤ ਅਮਲਵਾਰੀ ਨਾਲ ਪਟਿਆਲਾ ਸ਼ਹਿਰ ਹੋਰ ਵਿਕਸਤ ਤੇ ਸੁੰਦਰ ਰੂਪ ਧਾਰਨ ਕਰੇਗਾ। ਮੇਅਰ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਦਾ ਮੁੱਖ ਉਦੇਸ਼ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਆਧੁਨਿਕ ਬਣਾਉਣਾ ਹੈ, ਅਤੇ ਇਸ ਲਈ ਕਿਸੇ ਵੀ ਪੱਧਰ ਤੇ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

Scroll to Top