ਪੰਜਾਬ ਸਰਕਾਰ ਦਾ ਨਹਿਰੀ ਵਿਭਾਗ ਕਰ ਰਿਹਾ ਹੈ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਡਰਾਮਾ-ਕੈਦੂਪੁਰ

ਪੰਜਾਬ ਸਰਕਾਰ ਦਾ ਨਹਿਰੀ ਵਿਭਾਗ ਕਰ ਰਿਹਾ ਹੈ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਡਰਾਮਾ-ਕੈਦੂਪੁਰ
ਨਾਭਾ 20 ਜੂਨ : ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿੱਚ ਬੀ ਕੇ ਯੂ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਬਲਾਕ ਦੇ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਦੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨਹਿਰੀ ਵਿਭਾਗ ਸਿਰਫ ਅੰਕੜਿਆ ਦੀ ਖੇਡ ਖੇਡ ਰਿਹਾ ਹੈ। ਬਿਰਧਨੋ ਮਾਈਨਰ ਨੂੰ ਪੱਕਾ ਕਰਨ ਵੇਲੇ ਜਥੇਬੰਦੀ ਵੱਲੋਂ ਸੰਬੰਧਿਤ ਮਹਿਕਮੇ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ ਸੀ ਕਿ ਜਿਸ ਲੈਵਲ ਤੇ ਮਾਈਨਰ ਬਣਾਇਆ ਜਾ ਰਿਹਾ ਹੈ ਖੇਤਾਂ ਵਿੱਚ ਪਾਣੀ ਨਹੀਂ ਚੜ੍ਹੇਗਾ। 17 ਜੂਨ ਨੂੰ ਜਦੋਂ ਮਾਈਨਰ ਵਿੱਚ ਪਾਣੀ ਛੱਡਿਆ ਗਿਆ ਤਾਂ ਇਹ ਖਦਸਾ ਸੱਚ ਸਾਬਤ ਹੋਇਆ। ਬਿਰਧਨੋ ਤੋਂ ਜਲਾਲਾਬਾਦ ਤੱਕ ਤਕਰੀਬਨ ਪੰਜ ਮੋਘੇ ਅਜਿਹੇ ਹਨ ਜਿਨਾਂ ਤੱਕ ਪੂਰਾ ਪਾਣੀ ਨਹੀਂ ਪਹੁੰਚ ਰਿਹਾ। ਪਾਣੀ ਦਾ ਲੈਵਲ ਮੋਘਿਆਂ ਤੋਂ ਨੀਵਾਂ ਰਹਿ ਜਾਂਦਾ ਹੈ। ਇਸ ਲਈ ਜਿਆਦਾਤਰ ਪਾਣੀ ਟੇਲ ਤੇ ਪਹੁੰਚ ਜਾਂਦਾ ਹੈ। ਟੇਲ ਤੇ ਪਾਣੀ ਜਿਆਦਾ ਪਹੁੰਚਣ ਕਰਕੇ ਟੇਲ ਵਾਲੇ ਕਿਸਾਨਾਂ ਦੀਆਂ ਫਸਲਾਂ ਪਾਣੀ ਨਾਲ ਡੁੱਬ ਕੇ ਮਰ ਰਹੀਆਂ ਹਨ। ਕਿਤੇ ਡੋਬਾ ਤੇ ਕਿਤੇ ਸੋਕੇ, ਵਾਲੀ ਸਥਿਤੀ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਮਹਿਕਮੇ ਨੇ ਇਸ ਦਾ ਕੋਈ ਪੱਕਾ ਹੱਲ ਨਾ ਕੀਤਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।
ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਖੋਖ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੇ ਰੇਟ ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਨਾਲ ਕੋਝਾ ਮਜਾਕ ਹੈ। ਇਸ ਵਾਧੇ ਨੂੰ ਮੂਲੋਂ ਹੀ ਰੱਦ ਕਰਦਿਆਂ ਉਹਨਾਂ ਨੇ ਆਖਿਆ ਕਿ ਮਹਿੰਗਾਈ ਕਈ ਗੁਣਾ ਵਧਣ ਕਰਕੇ ਲਾਗਤ ਕੀਮਤਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਇਸ ਲਈ ਕਿਸਾਨ ਦੇ ਪੱਲੇ ਕੁੱਝ ਨਹੀਂ ਪੈ ਰਿਹਾ। ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਸੀ ਟੂ ਪਲਸ 50% ਦੇ ਹਿਸਾਬ ਨਾਲ ਫਸਲਾਂ ਦਾ ਰੇਟ ਤੈਅ ਕੀਤਾ ਜਾਵੇ।
ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਜ਼ਮੀਨਦੋਜ਼ ਪਾਣੀ ਲਗਭਗ ਖਤਮ ਹੋ ਗਿਆ ਹੈ। ਦਰਿਆਈ ਪਾਣੀ ਜਿਸ ਤੇ ਪੰਜਾਬ ਦਾ ਸੌ ਫੀਸਦੀ ਹੱਕ ਹੈ ਕੇਂਦਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਦੂਜੇ ਰਾਜਾਂ ਨੂੰ ਲੁਟਾਉਣ ਲਈ ਪੱਬਾਂ ਭਾਰ ਹੋਈ ਪਈ ਹੈ। ਉਹਨਾਂ ਨੇ ਦੱਸਿਆ ਕਿ ਬੀ ਕੇ ਯੂ (ਰਾਜੇਵਾਲ) ਬਹੁਤ ਜਲਦੀ ਪਾਣੀਆਂ ਦੇ ਮਸਲੇ ਤੇ ਵੱਡੀ ਲੜਾਈ ਵਿੱਢਣ ਜਾ ਰਹੀ ਹੈ। ਕਿਸਾਨਾਂ ਦੇ ਨਾਲ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਵੀ ਵੱਡੀ ਲੜਾਈ ਲੜਨ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਜੇਕਰ ਸਾਰੇ ਇਕੱਠੇ ਹੋ ਕੇ ਨਾ ਲੜੇ ਤਾਂ ਪੰਜਾਬ ਨੂੰ ਬੰਜਰ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਇਸ ਤੋਂ ਇਲਾਵਾ ਹਰਦੀਪ ਸਿੰਘ ਘਨੁੜਕੀ, ਜਗਜੀਤ ਸਿੰਘ ਮੋਹਲਗੁਆਰਾ, ਨਿਰਭੈ ਸਿੰਘ ਬਿਰਧਨੋ ਅਤੇ ਇੰਦਰਜੀਤ ਸਿੰਘ ਸਹੌਲੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Leave a Comment

Your email address will not be published. Required fields are marked *

Scroll to Top