ਪਟਿਆਲਾ, 27 ਫਰਬਰੀ –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੋਵਾਂ ਦੀ ਨਿੱਜੀ ਹਉਮੈ ਨੇ ਭਾਰਤ ਦੇ ਸਵਿਧਾਨ ਤੇ ਭਾਰਤ ਦੇ ਲੋਕਤੰਤਰ ਦਾ ਘੋਰ ਅਪਮਾਨ ਕੀਤਾ ਹੈ, ਜਿਸ ਨਾਲ ਪੰਜਾਬ ਦਾ ਸਮੁੱਚਾ ਭਾਈਚਾਰਾ ਦੁਖੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਆਪਸੀ ਚੰਗੇ ਸਬੰਧਾਂ ਨਾਲ ਹੀ ਸੂਬਾ ਤਰੱਕੀ ਦੇ ਰਾਹ ਪੈ ਸਕਦਾ ਹੈ ਪਰ ਇਨ੍ਹਾਂ ਦੀ ਆਪਸੀ ਕਸ਼ਮਕਸ਼ ਪੰਜਾਬ ਨੂੰ ਜ਼ਰੂਰ ਵਿਨਾਸ਼ ਵੱਲ ਲੈ ਕੇ ਜਾਵੇਗੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਦੋਵੇਂ ਵੱਡੇ ਸਤਿਕਾਰਤ ਅਹੁਦੇ ਹਨ ਤੇ ਇਨ੍ਹਾਂ ਦੀ ਮਰਿਆਦਾ ਦਾ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ। ਪ੍ਰੋਫੈਸਰ ਬਡੂੰਗਰ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਕਹਿਣੀ ਅਤੇ ਕਰਨੀ ਤੋਂ ਮੁਨਕਰ ਹੁੰਦੀ ਜਾ ਰਹੀ ਹੈ, ਤੇ ਜਿਨ੍ਹਾਂ ਵਾਅਦਿਆਂ ਅਤੇ ਗਾਰੰਟੀਆ ਕਰਕੇ ਪੰਜਾਬ ਸਰਕਾਰ ਸੱਤਾ ਵਿੱਚ ਆਈ ਸੀ, ਉਨ੍ਹਾਂ ਗਾਰੰਟੀਆ ਤੇ ਵਾਅਦਿਆਂ ਨੂੰ ਲਾਗੂ ਕਰਕੇ ਪੰਜਾਬੀਆਂ ਨੂੰ ਸੁੱਖ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਪਹਿਲਾਂ ਹੀ ਕਤਲੋ-ਗਾਰਦ, ਨਸ਼ਿਆਂ ਦੀ ਦਲਦਲ, ਬੇਰੁਜ਼ਗਾਰੀ, ਧਰਨਿਆਂ-ਪ੍ਰਦਰਸ਼ਨਾਂ ਦੀ ਮਾਰ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਗਮਗਾ ਕੇ ਰਹਿ ਗਈ ਹੈ ਅਤੇ ਹਰ ਪਾਸੇ ਗੈਂਗਸਟਰਾਂ ਕਾਰਨ ਦਹਿਸ਼ਤ ਦਾ ਮਾਹੌਲ ਪਾਏ ਜਾਣ ਕਾਰਨ ਪੰਜਾਬ ਦੇ ਵਾਸੀ ਸਹਿਮੇ ਹੋਏ ਹਨ ।