ਪਟਿਆਲਾ, 2 ਮਾਰਚ – ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ‘ਯੂਨੀਵਰਸਲ ਬਿਜ਼ਨਸ ਸਕੂਲ’ ਨਾਲ਼ ਅਕਾਦਮਿਕ ਸਾਂਝ ਕਾਇਮ ਕਰਦਿਆਂ ਇੱਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ। ਇਸ ਇਕਰਾਰਨਾਮੇ ‘ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹਸਤਾਖ਼ਰ ਕੀਤੇ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਵੱਲੋਂ ਜੀ.ਸੀ.ਏ. ਆਸਟ੍ਰੇਲੀਆ ਦੇ ਚਾਂਸਲਰ ਡਾ. ਗੈਰੀ ਮਲਹੋਤਰਾ ਨੇ ਸਹੀ ਪਾਈ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਇਕਰਾਰਨਾਮਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅੰਤਰ-ਰਾਸ਼ਟਰੀ ਪੱਧਰ ‘ਤੇ ਨਵੇਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਸਾਂਝ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਮੌਕੇ ਦੇਣਾ ਅਤੇ ਦੋਵਾਂ ਸੰਸਥਾਵਾਂ ਦਰਮਿਆਨ ਅਕਾਦਮਿਕ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਹ ਸਾਰੀਆਂ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨਾ ਹੈ ਜੋ ਕਿਸੇ ਵੀ ਵਿਕਸਿਤ ਦੇਸ਼ ਦੇ ਵਿਦਿਆਰਥੀ ਨੂੰ ਮਿਲਦੇ ਹਨ। ਇਸ ਸਮਝੌਤੇ ਨਾਲ਼ ਸਾਡੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਵੀ ਰਾਹ ਪੱਧਰੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਂਝ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਵਟਾਂਦਰੇ ਦਾ ਜ਼ਰੀਆ ਵੀ ਬਣੇਗੀ। ਉਨ੍ਹਾਂ ਉਮੀਦ ਜਤਾਈ ਕਿ ਇਸ ਇਕਰਾਰਨਾਮੇ ਤਹਿਤ ਆਸਟ੍ਰੇਲੀਆ ਦੇ ਮਾਹਿਰ ਅਧਿਆਪਕ ਸਮੇਂ-ਸਮੇਂ ‘ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸੰਬੋਧਨ ਕਰਨਗੇ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਅਮਲੀ ਰੂਪ ਦੇਣ ਲਈ ਯੋਜਨਾਵਾਂ ਬਣਾਈਆਂ ਜਾਣ।
ਜ਼ਿਕਰਯੋਗ ਹੈ ਕਿ ਇਸ ਇਕਰਾਰਨਾਮੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਛੇ-ਨੁਕਾਤੀ ਪ੍ਰੋਗਰਾਮ ਸ਼ਾਮਿਲ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਨ ਅਤੇ ਉੱਥੋਂ ਦੇ ਕਾਰੋਬਾਰੀ ਮਾਹੌਲ ਨੂੰ ਸਮਝਣ ਦਾ ਮੌਕਾ ਮਿਲੇਗਾ। ਦੋਵੇਂ ਸੰਸਥਾਵਾਂ ਮਿਲ ਕੇ ਵਪਾਰ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਨਵੇਂ ਖੋਜ ਕਾਰਜ ਕਰ ਸਕਣਗੀਆਂ। ਅਧਿਆਪਕਾਂ ਲਈ ਵੀ ਇੱਕ-ਦੂਜੇ ਦੇ ਅਦਾਰਿਆਂ ਵਿੱਚ ਜਾ ਕੇ ਨਵੀਨਤਮ ਅਧਿਆਪਨ ਵਿਧੀਆਂ ਸਿੱਖਣ ਅਤੇ ਆਪਣੀਆਂ ਸੇਵਾਵਾਂ ਓਥੇ ਦੇਣ ਦਾ ਪ੍ਰਬੰਧ ਹੋਵੇਗਾ। ਕੁੱਝ ਅਜਿਹੇ ਡਿਗਰੀ ਅਤੇ ਡਿਪਲੋਮਾ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਸਕਣਗੇ, ਜਿੱਥੇ ਪੜ੍ਹਾਈ ਦਾ ਕੁਝ ਹਿੱਸਾ ਭਾਰਤ ਅਤੇ ਬਾਕੀ ਆਸਟ੍ਰੇਲੀਆ ਵਿੱਚ ਪੂਰਾ ਕੀਤਾ ਜਾ ਸਕੇ।
ਡਾ. ਗੈਰੀ ਮਲਹੋਤਰਾ ਨੇ ਵੀ ਇਸ ਮੌਕੇ ਭਾਰਤੀ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਅਕਾਦਮਿਕ ਸਾਂਝ ਲੰਮੇ ਸਮੇਂ ਤੱਕ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ।