ਪੰਜਾਬੀ ਯੂਨੀਵਰਸਿਟੀ ਵੱਲੋਂ  ਵਰਕਸ਼ਾਪ ਦੀ ਸ਼ੁਰੂਆਤ

ਪਟਿਆਲਾ, 27 ਅਕਤੂਬਰ – ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਭਾਸ਼ਾ ਵਿੱਚ ਤਕਨੀਕੀ ਸ਼ਬਦਾਵਲੀਆਂ ਦੀ ਸਿਰਜਣਾ’ ਵਿਸ਼ੇ ਉੱਤੇ ਤਕਨੀਕੀ ਵਿਗਿਆਨਕ ਸ਼ਬਦਾਵਲੀ ਆਯੋਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਮਿਤੀ 27 ਅਕਤੂਬਰ 2025 ਤੋਂ 31 ਅਕਤੂਬਰ 2025 ਤੱਕ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਦਾ ਉਦੇਸ਼ ਕਾਮਰਸ ਵਿਸ਼ੇ ਨਾਲ ਸੰਬੰਧਤ ਤਕਨੀਕੀ ਪੰਜਾਬੀ ਸ਼ਬਦਾਵਲੀ ਦਾ ਨਿਰਮਾਣ ਕਰਨਾ ਹੋਵੇਗਾ।

ਡਾ. ਜਗਦੀਪ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨਵਰਸਿਟੀ ਪਟਿਆਲਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਦੇ ਪਸਾਰ ਹਿਤ ਕੰਮ ਕਰਨ ਤੋਂ ਇਲਾਵਾ ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਬਤੌਰ ਮਾਧਿਅਮ ਲਾਗੂ ਕਰਨਾ ਹੈ।

ਆਪਣੇ ਮੁੱਖ ਮਕਸਦ ਦੀ ਪੂਰਤੀ ਹਿਤ ਯੂਨੀਵਰਸਿਟੀ ਵੱਲੋਂ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਇਸੇ ਕੜੀ ਤਹਿਤ ਹੀ ਇਹ ਵਰਕਸ਼ਾਪ ਉਲੀਕੀ ਗਈ ਹੈ। ਇਹ ਵਰਕਸ਼ਾਪ ਕਾਮਰਸ ਵਿਸ਼ੇ ਵਿੱਚ ਲਿਖੀਆਂ ਜਾਣ ਵਾਲੀਆਂ ਪੁਸਤਕਾਂ ਲਈ ਮਿਆਰੀ ਸ਼ਬਦਾਵਲੀ ਮੁਹੱਈਆ ਕਰਵਾਉਣ ਲਈ ਬਹੁਤ ਲਾਹੇਵੰਦ ਹੋਵੇਗੀ। ਇਸ ਨਵੇਕਲੇ ਕਾਰਜ ਨੂੰ ਸ਼ੁਰੂਆਤ ਕਰਨ ਲਈ ਉਨ੍ਹਾਂ ਨੇ ਮੁਖੀ, ਪੰਜਾਬੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਵਰਕਸ਼ਾਪਾਂ ਦੀ ਲੜੀ ਲਗਾਤਾਰ ਚੱਲੇਗੀ।

ਡਾ. ਰਾਜਵੰਤ ਕੌਰ ਪੰਜਾਬੀ, ਮੁਖੀ ਪੰਜਾਬੀ ਵਿਭਾਗ ਨੇ ਦੱਸਿਆ ਕਿ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪਹਿਲਾ ਵੀ ਦੋ ਵਰਕਸ਼ਾਪਾਂ ਦਾ ਆਯੋਜਨ ਸਫਲਤਾਪੂਰਵਕ ਕੀਤਾ ਜਾ ਚੁੱਕਿਆ ਹੈ, ਉਨ੍ਹਾਂ ਵੱਲੋਂ ਵਰਕਸ਼ਾਪ ਦੌਰਾਨ ਕੰਮ ਕਰਨ ਦੇ ਨਿੱਜੀ ਤਜਰਬਿਆਂ ਨੂੰ ਸਾਂਝਾ ਕੀਤਾ ਗਿਆ।

ਡਾ. ਜੋਗਾ ਸਿੰਘ ਨੇ ਤਕਨੀਕੀ ਸ਼ਬਦਾਵਲੀਆਂ ਦੀ ਮਹੱਤਤਾ ਬਾਰੇ ਭਾਸ਼ਣ ਦਿੰਦਿਆ ਕਿਹਾ ਕਿ ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਬਤੌਰ ਮਾਧਿਅਮ ਵਰਤਣ ਲਈ ਸ੍ਰੋਤ ਸਮੱਗਰੀ ਨੂੰ ਤਿਆਰ ਕਰਨ ਲਈ ਮੁੱਢਲੇ ਤੌਰ ਤੇ ਵਿਗਿਆਨ ਦੇ ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਦੀ ਵੱਡੀ ਅਣਹੋਂਦ ਹੈ। ਇਸ ਅਣਹੋਂਦ ਨੂੰ ਪੂਰਿਆ ਕਰਨ ਲਈ ਵਿਸ਼ਿਆਂ ਨੂੰ ਤਰਤੀਬ ਬਾਰ ਚੁਣਕੇ ਉਨ੍ਹਾਂ ਵਿਚਲੀ ਸ਼ਬਦਾਵਲੀ ਦਾ ਪੰਜਾਬੀ ਭਾਸ਼ਾ ਵਿੱਚ ‘ਤਤਸਮ’ ਅਤੇ ‘ਤਦਭਵੀ’ ਰੂਪ ਵਿੱਚ ਵੱਡਾ ਭੰਡਾਰ ਤਿਆਰ ਕਰਨ ਦੀ ਅਤਿ ਜ਼ਰੂਰਤ ਹੈ।

ਇਸ ਵਰਕਸ਼ਾਪ ਨੂੰ ਵਿਧੀਵਤ ਤੌਰ ਤੇ ਚਲਾਉਣ ਲਈ ਸ੍ਰੀ. ਇੰਦਰਦੀਪ ਸਿੰਘ, ਅਫ਼ਸਰ ਇੰਚਾਰਜ, ਤਕਨੀਕੀ ਵਿਗਿਆਨਕ ਸ਼ਬਦਾਵਲੀ ਆਯੋਗ, ਭਾਰਤ ਸਰਕਾਰ, ਦਿੱਲੀ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਬਹੁਤ ਹੀ ਜਲਦੀ ਉਚੇਰੀ ਸਿੱਖਿਆ ਵਿੱਚ ਖੇਤਰੀ ਭਾਸ਼ਾਵਾਂ ਨੂੰ ਬਤੌਰ ਮਾਧਿਅਮ ਸ਼ੁਰੂ ਕਰਨ ਜਾ ਰਹੀ ਹੈ।

ਵਿਭਾਗ ਦੇ ਸੀਨੀਆਰ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਵਿਸ਼ੇਸ਼ ਤੌਰ ਤੇ ਕਿਹਾ ਕਿ ਜੇਕਰ ਸਿਸਟਮ ਚਾਹੇ ਤਾਂ ਕਿਸੇ ਵੀ ਭਾਸ਼ਾ ਨੂੰ ਅਕਾਦਮਿਕਤਾ ਵਿੱਚ ਮਾਧਿਅਮ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਭਾਵੇਂ ਕਿ ਉਸ ਲਈ ਤਕਨੀਕੀ ਸ਼ਬਦਾਵਲੀਆਂ ਉਪਲੱਬਧ ਨਾ ਵੀ ਹੋਣ। ਪਰ ਜੇਕਰ ਤਕਨੀਕੀ ਸ਼ਬਦਾਵਲੀਆਂ ਉਪਲੱਬਧ ਹੋਣ ਤਾਂ ਵਿਗਿਆਨ ਵਿਗਿਆਨ ਦੀਆਂ ਪੁਸਤਕਾਂ ਲਿਖਣ ਸਮੇਂ ਢੁੱਕਵੀਂ ਸ਼ਬਦਾਵਲੀ ਦਾ ਭੰਡਾਰ, ਮਿਆਰੀ ਸ਼ਬਦ ਚੋਣ ਲਈ ਅਸਾਨੀ ਰਹਿੰਦੀ ਹੈ।

ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਨੇ ਵਰਕਸ਼ਾਪ ਦੇ ਮੰਤਵ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਵੀ ਗਿਆਨ-ਵਿਗਿਆਨ ਦੀ ਭਾਸ਼ਾ ਜਾਂ ਉਚੇਰੀ ਸਿੱਖਿਆ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਬਤੌਰ ਮਾਧਿਅਮ ਦੇ ਤੌਰ ਤੇ ਵਰਤਣ ਦੀ ਗੱਲ ਚਲਦੀ ਹੈ ਤਾਂ ਹਮੇਸ਼ਾ ਹੀ ਇਸ ਵਿੱਚ ਮਿਆਰੀ ਅਧਿਐਨ ਸਮੱਗਰੀ ਦੀ ਘਾਟ ਰੜਕਦੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਉਚੇਰੀ ਸਿਖਿਆ ਵਿੱਚ ਮਾਧਿਅਮ ਦੇ ਤੌਰ ਤੇ ਵਰਤਣ ਤੋਂ ਟਾਲਾ ਵੱਟ ਲਿਆ ਜਾਂਦਾ ਹੈ। ਇਸ ਲਈ ਇਸ ਖੇਤਰ ਵਿੱਚ ਵੱਧ ਤੋਂ ਵੱਧ ਸ੍ਰੋਤ ਸਮੱਗਰੀ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਵਰਕਸ਼ਾਪ ਦੌਰਾਨ ਕਾਮਰਸ ਵਿਸ਼ੇ ਦੀ ਸ਼ਬਦਾਵਲੀ ਬਣਾਉਣ ਤੇ ਕੰਮ ਕੀਤਾ ਜਾਵੇਗਾ।

ਉਪਰੋਕਤ ਤੋਂ ਇਲਾਵਾ ਵਰਕਸ਼ਾਪ ਵਿੱਚ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਗੁਰਮੁੱਖ ਸਿੰਘ ਤੋਂ ਇਲਾਵਾ ਡਾ. ਅਨਵਰ ਚਿਰਾਗ, ਡਾ. ਜਤਿੰਦਰ ਸਿੰਘ, ਡਾ. ਲਖਵੀਰ ਸਿੰਘ, ਡਾ. ਗੁਨੀਤ ਕੌਰ, ਡਾ. ਕਾਰਤਿਕਾ ਮਿੱਤਲ ਆਦਿ ਭਾਗ ਲੈ ਰਹੇ ਹਨ।

Scroll to Top