ਪਟਿਆਲਾ 7 ਦਸੰਬਰ – ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵੱਲੋਂ ਕਰਵਾਏ ਜਾ ਰਹੇ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਜੈਵਰਧਨ ਦੇ ਲਿਖੇ ਹਿੰਦੀ ਨਾਟਕ ‘ਏਕ ਔਰ ਮੀਟਿੰਗ’ ਨੂੰ ਟੀ. ਐਫ. ਟੀ. ਚੰਡੀਗੜ੍ਹ ਵੱਲੋਂ ਖੇਡਿਆ ਗਿਆ। ਇਸ ਪੇਸ਼ਕਾਰੀ ਨੂੰ ਹਰਵਿੰਦਰ ਸਿੰਘ ਦੁਆਰਾ ਡਿਜ਼ਾਈਨ ਕੀਤਾ ਤੇ ਕਰਨ ਚੌਹਾਨ ਵੱਲੋਂ ਨਿਰਦੇਸ਼ਿਤ ਕੀਤਾ ਗਿਆ।
ਇਹ ਨਾਟਕ ਸਰਕਾਰੀ ਪ੍ਰਣਾਲੀ ਵਿੱਚ ਬਣ ਰਹੀਆਂ ਕਮੇਟੀਆਂ ਅਤੇ ਲਗਾਤਾਰ ਹੋਣ ਵਾਲੀਆਂ ਮੀਟਿੰਗਾਂ ਦੀ ਉਸ ‘ਸੰਸਕ੍ਰਿਤੀ’ ‘ਤੇ ਤਿੱਖਾ ਵਿਅੰਗ ਕਰਦਾ ਹੈ, ਜਿੱਥੇ ਅਸਲ ਮੁੱਦਿਆਂ ਦੀ ਬਜਾਇ ਗੱਲਬਾਤ ਅਕਸਰ ਰਸਮੀ ਕਾਰਵਾਈ ਅਤੇ ਦਿਖਾਵੇ ਤੱਕ ਹੀ ਸੀਮਿਤ ਰਹਿ ਜਾਂਦੀ ਹੈ। ‘ਮੀਟਿੰਗ ‘ਤੇ ਮੀਟਿੰਗ’ ਅਤੇ ਉਨ੍ਹਾਂ ਤੋਂ ਨਿਕਲਦੇ ਅਧੂਰੇ ਨਤੀਜੇ—ਮੌਜੂਦਾ ਪ੍ਰਸ਼ਾਸਨਿਕ ਢਾਂਚੇ ਦੀਆਂ ਕਈ ਵਿਰੋਧਾਭਾਸੀਆਂ ਨੂੰ ਸਪਸ਼ਟ ਕਰਦੇ ਹਨ।
ਨਾਟਕ ਦਾ ਦਿਲਚਸਪ ਪਹਿਲੂ ਸਰਲ ਭਾਸ਼ਾ, ਹਲਕੇ ਹਾਸੇ ਅਤੇ ਵਿਅੰਗ ਰਾਹੀਂ ਗੰਭੀਰ ਸਮਾਜਿਕ ਹਕੀਕਤਾਂ ਨੂੰ ਪੇਸ਼ ਕਰਨ ਦੀ ਯੋਗਤਾ ਸੀ। ਦਰਸ਼ਕ ਹੱਸਦੇ ਹੋਏ, ਅੰਦਰੋਂ ਇਹ ਵੀ ਸੋਚਣ ਲਈ ਮਜਬੂਰ ਹੋਏ ਕਿ ਇਹ ਬੇਅੰਤ ਮੀਟਿੰਗਾਂ ਕਦੇ ਕਿਸੇ ਅਰਥਪੂਰਨ ਨਤੀਜੇ ਵੱਲ ਲੈ ਜਾਂਦੀਆਂ ਹਨ। “ਏਕ ਔਰ ਮੀਟਿੰਗ” ਸਿਰਫ਼ ਮਨੋਰੰਜਨ ਨਹੀਂ ਸਗੋਂ ਇੱਕ ਤਿੱਖਾ ਸਮਾਜਿਕ ਵਿਅੰਗ ਹੈ ਜੋ ਸਮਾਜ ਅਤੇ ਸ਼ਾਸਨ ਬਾਰੇ ਗੰਭੀਰ ਸਵਾਲ ਉਠਾਉਂਦਾ ਹੈ, ਜਿਸ ਨਾਲ ਦਰਸ਼ਕਾਂ ਨੂੰ ਹੱਸਦੇ ਹੋਏ ਵੀ ਸੋਚਣ ਲਈ ਮਜਬੂਰ ਕਰਦਾ ਹੈ।
ਨਾਟਕ ਵਿੱਚ ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਦੀਪੇੰਦਰ ਸਿੰਘ ਨੇ ਪੀ.ਐੱਸ. ਕੋਹਲੀ ਦੀ ਭੂਮਿਕਾ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ। ਸੋਨੂ ਨੇ ਸਦਾਨੰਦ ਭਾਰਤੀ,ਅਮ੍ਰਿਤ ਜੱਸਲ ਨੇ ਅਨੁਭਵ ਤ੍ਰਿਪਾਠੀ ਦਾ ਕਿਰਦਾਰ ਨਿਭਾਇਆ। ਪਰ ਕਮਲਪ੍ਰੀਤ ਕੌਰ ਨੇ ਮੰਤਰੀ ਦੀ ਭੂਮਿਕਾ ਵਿੱਚ ਧਾਕ ਛੱਡੀ। ਬਾਕੀ ਕਲਾਕਾਰਾਂ ਵਿੱਚ ਰਵੀ ਚੌਹਾਨ, ਰੋਬਿਨ, ਨੇਹਾ ਧੀਮਾਨ, ਹਰਪ੍ਰੀਤ ਨੇ ਵੀ ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾ।
ਇਸ ਨਾਟਕੀ ਸ਼ਾਮ ਦੇ ਮੁੱਖ ਮਹਿਮਾਨ ਕੈਪਟਨ ਗੁਰਤੇਜ ਸਿੰਘ (ਸਕਿਓਰਟੀ ਯੁਵਕ ਭਲਾਈ ਅਫਸਰ) ਨੇ ਯੂਨੀਵਰਸਿਟੀ ਦੇ ਸਾਬਕਾ ਸਕਿਓਰਟੀ ਅਫਸਰ ਸ. ਆਲਮ ਸਿੰਘ ਨੂੰ ਸਨਮਾਨਿਤ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ ਪੰਜਾਬੀ ਗਾਇਕ ਜੱਸੀ ਜਸਵੀਰ ਨੇ ਨਾਟਕ ਦੀ ਪ੍ਰਸ਼ੰਸਾ ਕੀਤੀ ਅਤੇ ਹੀਰ ਤੇ ਹੋਰ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ।
ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਲਾਕਾਰਾਂ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਤੇ ਕਿਹਾ ਤੇ ਕਿਹਾ ਕਿ ਭ੍ਰਿਸ਼ਟਾਚਾਰ ਸਮਾਜ ਨੂੰ ਕਮਜ਼ੋਰ ਕਰਦਾ ਹੈ। ਡਾ. ਗਗਨ ਥਾਪਾ, ਡਾ. ਕੁਲਦੀਪ ਕੌਰ, ਡਾ. ਰਵੀ ਕੁਮਾਰ ਅਨੂੰ, ਅਮਰਿੰਦਰ ਬਜ਼ਾਜ਼, ਬਲਕਰਨ ਬਰਾੜ , ਦਲਜੀਤ ਡਾਲੀ, ਡਾ. ਸੁਰਜੀਤ ਭੱਟੀ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਰੂਬਰੂ ਵਾਲੇ ਸੈਸ਼ਨ ਦੌਰਾਨ ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਅਦਾਕਾਰ ਦੇਵ ਖਰੌੜ ਨੇ ਦਰਸ਼ਕਾਂ ਦੇ ਰੂਬਰੂ ਹੋਕੇ ਰੰਗਮੰਚ ਤੋਂ ਫ਼ਿਲਮਾਂ ਤੱਕ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ। ਦਰਸ਼ਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਰੰਗਮੰਚ ਦੇ ਕਲਾਕਾਰ ਹਮੇਸ਼ਾ ਹੀ ਵੱਖਰਾ ਤੇ ਨਿਵੇਕਲਾ ਕੰਮ ਕਰਦੇ ਹਨ।
ਉਹਨਾਂ ਨੇ ਆਪਣੇ ਰੰਗਮੰਚ ਦੇ ਤਜਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ। ਰੰਗਮੰਚ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਵਿੱਚ ਜਿਆਦਾ ਸੰਤੁਸ਼ਟੀ ਮਿਲਦੀ ਹੈ। ਕਿਉਂਕਿ ਦਰਸ਼ਕਾਂ ਦੀ ਪ੍ਰਤੀਕਿਰਿਆ ਤੁਰੰਤ ਮਿਲਦੀ ਹੈ। ਇਸ ਲਈ ਅਦਾਕਾਰ ਕੋਲ ਸਵੈ-ਵਿਸ਼ਵਾਸ ਤੇ ਭਰੋਸਾ ਹੁੰਦਾ ਹੈ। ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਆਪਣੀ ਪ੍ਰਤਿਭਾ ਤੇ ਮਿਹਨਤ ਨਾਲ ਕੋਈ ਵੀ ਮੰਜ਼ਿਲ ਸਰ ਕਰ ਸਕਦੇ ਹੋ।