ਪਟਿਆਲਾ, 8 ਨਵੰਬਰ – ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿੱਚ ਤਿੰਨ ਰੋਜ਼ਾ ਬਾਲ ਨਾਟਕ ਉਤਸਵ ਆਰੰਭ ਹੋ ਗਿਆ ਹੈ।
ਬਾਲ ਰੰਗਮੰਚ ਉਤਸਵ ਦੇ ਪਹਿਲੇ ਦਿਨ ਲੋਕ ਕਲਾ ਮੰਚ ਮਜੀਠਾ ਦੇ ਬਾਲ ਕਲਾਕਾਰਾਂ ਨੇ ਗੁਰਮੇਲ ਸ਼ਾਮ ਨਗਰ ਦੁਆਰਾ ਲਿਖਤ ਅਤੇ ਨਿਰਦੇਸ਼ਤ ਨਾਟਕ ‘ਗਿੱਲੀ ਮਿੱਟੀ’ ਦੀ ਪੇਸ਼ਕਾਰੀ ਕੀਤੀ। ਇਹ ਨਾਟਕ ਬੱਚਿਆਂ ਦੀ ਪਰਵਰਿਸ਼ ਨੂੰ ਕੇਂਦਰ ਵਿੱਚ ਰੱਖ ਕੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦੇ ਸਾਹਮਣੇ ਅਨੇਕ ਸਵਾਲ ਖੜ੍ਹੇ ਕਰਦਾ ਹੈ ਕਿ ਕਿਸ ਤਰਾਂ ਅਸੀਂ ਬਾਲ ਰੂਪੀ ਗਿੱਲੀ ਮਿੱਟੀ ਨੂੰ ਮਨਮਰਜ਼ੀ ਦੀਆਂ ਸ਼ਕਲਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਬਾਅਦ ਵਿੱਚ ਸਾਰੇ ਉਲਾਹਨੇ ਬੱਚਿਆਂ ਦੇ ਸਿਰ ਮੜ੍ਹ ਕੇ ਬਰੀ ਹੋ ਜਾਂਦੇ ਹਾਂ।
ਅਸੀਂ ਬੱਚਿਆਂ ਨੂੰ ਗਾਲਾਂ ਕੱਢਣੀਆਂ ਸਿਖਾਉਂਦੇ ਹਾਂ, ਲੱਚਰ ਅਤੇ ਹਿੰਸਕ ਗੀਤਾਂ ਨੂੰ ਪਰੋਸ ਕੇ ਉਹਨਾਂ ਨੂੰ ਹਿੰਸਕ ਬਣਾਉਂਦੇ ਹਾਂ, ਉਹਨਾਂ ‘ਤੇ ਬੇਲੋੜੇ ਦਬਾਅ ਪੈਦਾ ਕਰਕੇ ਅਤੇ ਇਕੱਲਤਾ ਵਿੱਚ ਸੁੱਟ ਕੇ ਨਸ਼ਿਆਂ ਦੀ ਦਲਦਲ ਵੱਲ ਧੱਕ ਦਿੰਦੇ ਹਾਂ ਅਤੇ ਬਾਅਦ ਵਿੱਚ ਸਾਰੇ ਦਾ ਸਾਰਾ ਦੋਸ਼ ਇਸ ਨਵੀਂ ਪੀੜੀ ਸਿਰ ਲਾ ਕੇ ਆਪ ਸੁਰਖਰੂ ਹੋ ਜਾਂਦੇ ਹਾਂ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਯੂਨੀਵਰਸਿਟੀ ਵਿਚ ਬਾਲਾਂ ਨੂੰ ਸਮਰਪਿਤ ਅਜਿਹੇ ਮੇਲੇ ਕਰਾਉਣ ਦਾ ਮਕਸਦ ਸਮਾਜ ਨਾਲ ਜੁੜਨਾ ਹੈ ਅਤੇ ਬਿਹਤਰ ਸਮਾਜ ਦੀ ਉਸਾਰੀ ਵਿੱਚ ਆਪਣੀ ਭੂਮਿਕਾ ਨਿਭਾਉਣਾ ਹੈ। ਮੇਲੇ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਮੇਲੇ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਇਹ ਉਦਮ ਬਾਲਾਂ ਦੀ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਹੈ।
ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਬੋਲਦਿਆਂ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਵਿੱਚ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਜਿੰਨੀ ਦੇਰ ਤੱਕ ਕਿਸੇ ਸਮਾਜ ਵਿੱਚ ਬੱਚੇ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੁੰਦੇ ਉੱਨੀ ਦੇਰ ਤੱਕ ਉਸ ਸਮਾਜ ਨੂੰ ਵਿਕਸਿਤ ਸਮਾਜ ਨਹੀਂ ਮੰਨਿਆ ਜਾ ਸਕਦਾ।
ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਇਹ ਨਾਟਕ ਰੰਗਮੰਚ ਦੇ ਹਥਿਆਰ ਨਾਲ ਸਮਾਜ ਵਿੱਚ ਬਾਲਾਂ ਦੀ ਸਥਿਤੀ ਨੂੰ ਪੇਸ਼ ਕਰਦਿਆਂ ਉਹਨਾਂ ਅਲ੍ਹਾਮਤਾਂ ਦੇ ਖਿਲਾਫ ਲੜਦਾ ਹੈ ਜਿਹੜੀਆਂ ਅਲਾਮਤਾਂ ਸਮਾਜ ਨੇ ਬੱਚਿਆਂ ਨੂੰ ਪਰੋਸ ਕੇ ਦਿੱਤੀਆਂ ਹਨ।
ਡਾ. ਕੁਲਦੀਪ ਸਿੰਘ ਦੀਪ ਕੋਆਰਡੀਨੇਰ ਸਮੇਤ ਸੁਖਜੀਵਨ, ਗੁਰਦੀਪ ਗਾਮੀਵਾਲਾ ਤੇ ਪ੍ਰਿਤਪਾਲ ਚਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਬਹੁਤ ਸਾਰੀਆਂ ਕਿਤਾਬਾਂ ਦੇ ਟਾਈਟਲ ਬਣਾਉਣ ਵਾਲੀ ਬਾਲ ਚਿੱਤਰਕਾਰ ਪਰਵਾਜ਼ ਪ੍ਰੀਤ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਦੇ ਦੋ ਬਾਲ ਕਲਾਕਾਰਾਂ ਸਾਹਿਲ ਖਾਨ ਅਤੇ ਸਨੀ ਨੇ ਪ੍ਰਸਿੱਧ ਸੰਗੀਤ ਵਾਦਕ ਪਾਲੀ ਖਾਦਿਮ ਦੀ ਅਗਵਾਈ ਵਿੱਚ ‘ਮਿਰਜੇ ਦੀ ਕਲੀ’ ਪੇਸ਼ ਕਰਕੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।