ਪਟਿਆਲਾ, 10 ਫਰਵਰੀ – ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ’15ਵਾਂ ਬੀਬੀ ਜਸਬੀਰ ਕੌਰ ਖ਼ਾਲਸਾ ਸਿਮ੍ਰਤੀ ਸਮਾਰੋਹ’ ਕਰਵਾਇਆ ਗਿਆ।
ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਭਵਨ ਵਿੱਚ ਭਾਈ ਜਵਾਲਾ ਸਿੰਘ ਰਾਗੀ ਆਡੀਟੋਰੀਅਮ ਵਿਖੇ ਹੋਏ ਇਸ ਸਮਾਗਮ ਦੌਰਾਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
ਸਮਾਗਮ ਵਿੱਚ ਜਲੰਧਰ ਤੋਂ ਵਿਸ਼ੇਸ਼ ਰੂਪ ਵਿਚ ਪੁੱਜੇ ਭਾਈ ਹਰਜੋਤ ਸਿੰਘ ਜ਼ਖ਼ਮੀ ਦੁਆਰਾ ਗੁਰਮਤਿ ਸੰਗੀਤ ਦੀ ਪੁਰਾਤਨ ਸ਼ੈਲੀ ਅਨੁਸਾਰ ਰਸ-ਭਿੰਨੇ ਕੀਰਤਨ ਨਾਲ਼ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਬੀਬੀ ਜਸਬੀਰ ਕੌਰ ਖ਼ਾਲਸਾ ਸਬੰਧੀ ਆਪਣੀਆਂ ਸਿਮ੍ਰਤੀਆਂ ਵੀ ਸੰਗਤਾਂ ਨਾਲ ਸਾਂਝੀਆਂ ਕੀਤੀਆਂ।
ਉਨ੍ਹਾਂ ਤੋਂ ਪਹਿਲਾਂ ਬੀਬੀ ਰਵਿੰਦਰ ਕੌਰ ਪਟਿਆਲਾ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ।
ਸਮਾਗਮ ਦੇ ਆਰੰਭ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕੀਤਾ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਗੁਰਮਤਿ ਸੰਗੀਤ ਸਾਡੀ ਅਮੀਰ ਵਿਰਾਸਤ ਦਾ ਅਨਮੋਲ ਅੰਗ ਹੈ ਅਤੇ ਬੀਬੀ ਜਸਬੀਰ ਕੌਰ ਖ਼ਾਲਸਾ ਵਰਗੀਆਂ ਸ਼ਖ਼ਸੀਅਤਾਂ ਨੇ ਇਸ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਜੋ ਨਿਸ਼ਕਾਮ ਯੋਗਦਾਨ ਪਾਇਆ ਹੈ, ਉਹ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਚੇਅਰ ਇੰਚਾਰਜ ਡਾ. ਅਲੰਕਾਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਬੀਬੀ ਜਸਬੀਰ ਕੌਰ ਜੀ ਦੇ ਵਿੱਤੀ ਸਹਿਯੋਗ ਨਾਲ਼ 2003 ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਿਸ਼ਵ ਵਿਚ ਪਹਿਲੀ ਵਾਰ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਹੋਈ ਸੀ।
ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸੰਗੀਤ ਅਧਿਆਪਕ ਸ. ਜਸਪਾਲ ਸਿੰਘ ਦੀ ਪੁਸਤਕ ‘ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ : ਸ਼ਬਦ ਸੁਰ ਰਚਨਾਵਲੀ’ ਵੀ ਰਿਲੀਜ਼ ਕੀਤੀ ਗਈ।
ਸਮਾਗਮ ਦੌਰਾਨ ਸਾਬਕਾ ਲੈਫ਼. ਜਨਰਲ ਸ. ਜਤਿੰਦਰ ਸਿੰਘ ਸਾਹਨੀ, ਡਾ. ਜਯੋਤੀ ਸ਼ਰਮਾ, ਡਾ. ਨਿਵੇਦਿਤਾ ਸਿੰਘ, ਡਾ. ਪਰਮਜੀਤ ਸਿੰਘ ਅਤੇ ਸਮਾਰੋਹ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਵਲੋਂ ਰਾਗੀ ਜਥਿਆਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ।
ਸਿਮ੍ਰਤੀ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਖੋਜਾਰਥੀਆਂ, ਫ਼ੈਕਲਟੀ ਮੈਂਬਰਾਂ ਅਤੇ ਬੀਬੀ ਜੀ ਦੇ ਪਰਿਵਾਰਿਕ ਮੈਂਬਰ ਤੇ ਵਿਸ਼ੇਸ਼ ਰੂਪ ਵਿਚ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀ ਸ਼ਾਮਲ ਹੋਏ।