ਪੰਜਾਬੀ ਯੂਨੀਵਰਸਿਟੀ ਵਿਖੇ ਵਰਕਸ਼ਾਪ ਦੇ ਚੌਥੇ ਦਿਨ ਖੁੱਲ੍ਹੀਆਂ ਨਵੀਆਂ ਖੋਜ-ਪਰਤਾਂ

ਪਟਿਆਲਾ, 29 ਨਵੰਬਰ –  ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ (ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ) ‘ਨਵੀਨ ਖੋਜ-ਵਿਧੀਆਂ’ ਵਿਸ਼ੇ ‘ਤੇ ਚੱਲ ਰਹੀ ਸੱਤ-ਰੋਜ਼ਾ ਵਰਕਸ਼ਾਪ ਦੇ ਚੌਥੇ ਦਿਨ ਵਿੱਚ ਡਾ. ਭੁਪਿੰਦਰ ਸਿੰਘ ਖਹਿਰਾ ਅਤੇ ਡਾ. ਭੀਮਇੰਦਰ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।

ਡਾ. ਰਾਜਵੰਤ ਕੌਰ ਪੰਜਾਬੀ ਜੀ ਨੇ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਮਾਹਿਰ ਵਿਦਵਾਨਾਂ ਨਾਲ ਤਾਅਰੁਫ ਕਰਾਇਆ। ਸੱਤਵੀਂ ਬੈਠਕ ਦੇ ਮੁਖ-ਵਕਤਾ ਵਜੋਂ ਡਾ. ਭੁਪਿੰਦਰ ਸਿੰਘ ਖਹਿਰਾ ਨੇ ‘ਦੇਹ ਤੋਂ ਗਿਆਨ ਤੱਕ ਕਿਵੇਂ ਪੁੱਜੀਏ’ ਵਿਸ਼ੇ ‘ਤੇ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਗਿਆਨ ਇੰਦਰੀਆਂ ਦੀ ਸੁਯੋਗ ਵਰਤੋਂ ਰਾਹੀਂ ਅਸੀਂ ਸਹੀ ਗਿਆਨ ਦੀ ਪ੍ਰਾਪਤੀ ਵੱਲ ਕਦਮ ਪੁੱਟ ਸਕਦੇ ਹਾਂ। ਉਹਨਾਂ ਕਿਹਾ ਕਿ ਕਿਸੇ ਵੀ ਕਿਤਾਬ ਨੂੰ ਪੜ੍ਹ ਕੇ ਇਸਦੀ ਪੁਨਰ-ਸਿਰਜਣਾ ਇਕ ਅਹਿਮ ਕਦਮ ਹੈ। ਇਸਦੇ ਨਾਲ ਹੀ ਭਾਸ਼ਾ ਵਿਗਿਆਨ ਅਤੇ ਅਰਥ-ਵਿਗਿਆਨ ਬਾਰੇ ਗੱਲ ਕਰਦਿਆਂ ਉਹਨਾਂ ਚਿੰਨ੍ਹਾਂ, ਪ੍ਰਤੀਕਾਂ, ਪੈਟਰਨਾਂ, ਰੂੜ੍ਹੀਆਂ ਆਦਿ ਸੰਕਲਪਾਂ ਬਾਰੇ ਵੀ ਗੱਲਬਾਤ ਕੀਤੀ। ਇਸ ਬੈਠਕ ਦੌਰਾਨ ਬੈਠਕ-ਸੰਯੋਜਕ ਦਾ ਕਾਰਜ ਡਾ. ਮੋਹਨ ਤਿਆਗੀ ਨੇ ਅਤੇ ਧੰਨਵਾਦ ਡਾ. ਗੁਰਸੇਵਕ ਲੰਬੀ ਨੇ ਕੀਤਾ।

      ਉਪਰੰਤ ਅੱਠਵੀਂ ਬੈਠਕ ਦੇ ਮੁਖ ਵਕਤਾ ਦੇ ਤੌਰ ‘ਤੇ ਡਾ. ਭੀਮਇੰਦਰ ਸਿੰਘ ਸ਼ਾਮਿਲ ਹੋਏ। ਉਹਨਾਂ ਨੇ ਮਾਰਕਸਵਾਦ ਦੇ ਹਵਾਲੇ ਨਾਲ ‘ਮਾਰਕਸਵਾਦੀ ਸਿਧਾਂਤ ਅਤੇ ਵਿਹਾਰ’ ਵਿਸ਼ੇ ‘ਤੇ ਸੰਵਾਦ ਰਚਾਇਆ। ਉਹਨਾਂ ਨੇ ਮਨੁੱਖੀ ਸਭਿਅਤਾ ਦੇ ਇਤਿਹਾਸਕ ਕਾਲਕ੍ਰਮ ਨੂੰ ਸਮਝਾਉਂਦਿਆਂ, ਸਰੋਤਿਆਂ ਨੂੰ ਮਾਰਕਸਵਾਦ ਦੇ ਮੁੱਖ ਆਧਾਰਾਂ ਨਾਲ ਜਾਣੂੰ ਕਰਵਾਇਆ। ਇਸਦੇ ਨਾਲ ਹੀ ਪੂੰਜੀਵਾਦ, ਰਾਜਤੰਤਰ, ਲੋਕਤੰਤਰ, ਨਿੱਜੀਕਰਨ, ਵਿਸ਼ਵੀਕਰਨ, ਕਾਰਪੋਰੇਟ ਘਰਾਣੇ, ਵਿਕਾਸਸ਼ੀਲ ਮੁਲਕ ਅਤੇ ਵਿਕਸਿਤ ਮੁਲਕ ਆਦਿ ਵਿਸ਼ੇ ਉਹਨਾਂ ਦੇ ਲੈਕਚਰ ਦਾ ਮੁੱਖ ਕੇਂਦਰ ਰਹੇ। ਇਸ ਬੈਠਕ ਦੇ ਬੈਠਕ ਸੰਯੋਜਕ ਦੇ ਤੌਰ ‘ਤੇ ਡਾ. ਗੁਰਪ੍ਰੀਤ ਸਿੰਘ ਕਾਰਜਸ਼ੀਲ ਰਹੇ। ਇਸ ਵਰਕਸ਼ਾਪ ਦੌਰਾਨ ਸਟੇਟ ਬੈਂਕ ਆਫ ਇੰਡੀਆ ਦੇ ਸੇਵਾ-ਮੁਕਤ ਅਧਿਕਾਰੀ ਸ. ਜਸਬੀਰ ਸਿੰਘ, ਡਾ. ਰਾਜਮੋਹਿੰਦਰ ਕੌਰ, ਡਾ. ਗਿੰਦਰ ਸਿੰਘ, ਡਾ. ਮਨਿੰਦਰ ਕੌਰ, ਡਾ. ਰਵਿੰਦਰ ਕੌਰ ਅਤੇ ਡਾ. ਸਰਬਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੋਜਾਰਥੀ ਅਤੇ ਵਿਦਿਆਰਥੀ ਵੀ ਸ਼ਾਮਲ ਸਨ।

Scroll to Top