ਪੰਜਾਬੀ ਯੂਨੀਵਰਸਿਟੀ ਵਿਖੇ ‘ਮੈਂਟਲ ਹੈਲਥ ਅੰਬੈਸਡਰ ਪ੍ਰੋਗਰਾਮ’ ਦੀ ਸ਼ੁਰੂਆਤ

ਪਟਿਆਲਾ, 18 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵੱਲੋਂ ‘ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ’ (ਈ.ਆਈ.ਸੀ.ਐੱਚ.) ਦੇ ਸਹਿਯੋਗ ਨਾਲ਼ ਮੈਂਟਲ ਹੈਲਥ ਅੰਬੈਸਡਰ ਪ੍ਰੋਗਰਾਮ ਤਹਿਤ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਅਤੇ ਸੈਮੀਨਾਰ ਕਰਵਾਇਆ ਗਿਆ।
ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇੱਕ ਦੂਜੇ ਦੀ ਮਦਦ ਕਰਨ ਲਈ ਸਹਿਯੋਗੀ ਮਾਹੌਲ ਤਿਆਰ ਕਰਨ ਦੇ ਉਦੇਸ਼ ਨਾਲ਼ ਕਰਵਾਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ।
ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅਕਾਦਮਿਕ ਸਫਲਤਾ ਦੇ ਨਾਲ਼-ਨਾਲ਼ ਮਾਨਸਿਕ ਤੰਦਰੁਸਤੀ ਦਾ ਹੋਣਾ ਬਹੁਤ ਲਾਜ਼ਮੀ ਹੈ। ਅਜੋਕੇ ਮੁਕਾਬਲੇਬਾਜ਼ੀ ਵਾਲ਼ੇ ਦੌਰ ਵਿੱਚ ਵਿਦਿਆਰਥੀ ਅਕਸਰ ਤਣਾਅ ਅਤੇ ਚਿੰਤਾ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਦਾ ਸਿੱਧਾ ਲ੍ਹਅਸਰ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਕਰੀਅਰ ‘ਤੇ ਪੈਂਦਾ ਹੈ।
​ਉਨ੍ਹਾਂ  ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਮਾਨਸਿਕ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਯੂਨੀਵਰਸਿਟੀ ਅਜਿਹਾ ਸੁਰੱਖਿਅਤ ਮਾਹੌਲ ਸਿਰਜਣ ਲਈ ਵਚਨਬੱਧ ਹੈ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਪ੍ਰੋਮਿਲਾ ਬੱਤਰਾ ਨੇ ਸਵੈ-ਨੁਕਸਾਨ ਪਹੁੰਚਾਉਣ ਵਾਲੀਆਂ ਆਦਤਾਂ, ਭਾਵਨਾਤਮਕ ਬੁੱਧੀ ਅਤੇ ਸਵੈ-ਜਾਗਰੂਕਤਾ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਵਿਸ਼ੇਸ਼ ਮਹਿਮਾਨ ਡਾ. ਪਰਵਿੰਦਰ ਸਿੰਘ ਨੇ ਭਾਵਨਾਵਾਂ ਦੇ ਜੈਵਿਕ ਅਧਾਰ ਅਤੇ ਮਨੋਵਿਗਿਆਨਕ ਸਿਧਾਂਤਾਂ ਦੇ ਅਮਲੀ ਪ੍ਰਯੋਗ ‘ਤੇ ਜ਼ੋਰ ਦਿੱਤਾ।
 ਪ੍ਰੋ. ਹਿਮੇਂਦਰ ਭਾਰਤੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਾਨਸਿਕ ਸਿਹਤ ਦੇ ਖੇਤਰ ਵਿੱਚ ਈ.ਆਈ.ਸੀ.ਐੱਚ. ਵੱਲੋਂ ਨਿਰੰਤਰ ਸਹਿਯੋਗ ਦਿੱਤਾ ਜਾਵੇਗਾ।
ਪ੍ਰੋ. ਡਾ. ਨਲਿਨੀ ਮਲਹੋਤਰਾ ਅਤੇ  ਡਾ ਰੂਬੀ ਗੁਪਤਾ ਨੇ ਮਾਨਸਿਕ ਸਿਹਤ ਅੰਬੈਸਡਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੌਂਸਲਿੰਗ ਪ੍ਰਕਿਰਿਆ ਬਾਰੇ ਵਿਸਥਾਰ ਨਾਲ਼ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ  ਪੰਜਾਬੀ ਯੂਨੀਵਰਸਿਟੀ ਵਿਖੇ ਮਾਨਸਿਕ ਸਿਹਤ ਟਾਸਕ ਫੋਰਸ ਸਥਾਪਿਤ ਕੀਤੀ ਜਾ ਰਹੀ ਹੈ। ਇਹ ਟਾਸਕ ਫੋਰਸ ਕੈਂਪਸ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ।
ਪ੍ਰੋਗਰਾਮ ਦੇ ਅੰਤ ਵਿੱਚ, ਵਧੀਕ ਪ੍ਰੋਵੋਸਟ (ਲੜਕੀਆਂ) ਪ੍ਰੋ. ਜਗਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ, ਮਾਹਿਰਾਂ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਡੀਨ ਵਿਦਿਆਰਥੀ ਭਲਾਈ ਨੂੰ ਇਸ ਪਹਿਲ ਲਈ ਵਧਾਈ ਦਿੱਤੀ।
Scroll to Top