ਪੰਜਾਬੀ ਯੂਨੀਵਰਸਿਟੀ ਵਿਖੇ ਬਾਇਟੈਕਨੌਲਜੀ ਦੇ ਖੇਤਰ ਨਾਲ਼ ਸਬੰਧਤ ਦੋ ਦਿਨਾ ਅੰਤਰ-ਰਾਸ਼ਟਰੀ ਸੰਮੇਲਨ ਆਰੰਭ

ਪਟਿਆਲਾ, 3 ਫਰਵਰੀ – ਪੰਜਾਬੀ ਯੂਨੀਵਰਸਿਟੀ ਵਿਖੇ ਬਾਇਟੈਕਨੌਲਜੀ ਦੇ ਖੇਤਰ ਨਾਲ਼ ਸਬੰਧਤ ਦੋ ਦਿਨਾ ਅੰਤਰ-ਰਾਸ਼ਟਰੀ ਸੰਮੇਲਨ ਅੱਜ ਸ਼ੁਰੁ ਹੋ ਗਿਆ ਹੈ। ਯੂਨੀਵਰਸਿਟੀ ਦੇ ਬਾਇਓਟੈਕਨੌਲਜੀ ਅਤੇ ਫੂਡ ਟੈਕਨੌਲਜੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਸ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ। ‘ਬਾਇਓ ਐਂਟਰਪ੍ਰੀਨਿਉਰਸਿ਼ਪ ਅਤੇ ਟੈਕਨੌਲਜੀ ਵਿੱਚ ਪਹਿਲਕਦਮੀਆਂ ਨੂੰ ਉਤਸਾਹਿਤ ਕਰਨ ਦੇ ਮਕਸਦ ਨਾਲ਼ ਈ.ਆਈ.ਸੀ.ਐੱਚ. ਦੇ ਸਹਿਯੋਗ ਕਰਵਾਏ ਜਾ ਰਹੇ ਇਸ ਸੰਮੇਲਨ ਦਾ ਉਦਘਾਟਨੀ ਭਾਸ਼ਣ ਸੀ.ਆਈ.ਐੱਸ.ਆਰ.-ਆਈ. ਐੱਚ. ਬੀ.ਟੀ. ਪਾਲਮਪੁਰ ਦੇ ਡਾਇਰੈਕਟਰ ਪ੍ਰੋ. ਸੁਦੇਸ਼ ਕੁਮਾਰ ਯਾਦਵ ਵੱਲੋਂ ਦਿੱਤਾ ਗਿਆ।ਸੰਮੇਲਨ ਦਾ ਮੁੱਖ ਸੁਰ-ਭਾਸ਼ਣ ਆਈ.ਸੀ.ਈ.ਜੀ.ਬੀ., ਨਵੀਂ ਦਿੱਲੀ ਤੋਂ ਪੁੱਜੇ ਪ੍ਰੋ. ਨਸੀਮ ਏ. ਗੌਰ ਨੇ ਦਿੱਤਾ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਬਾਇਓ ਟੈਕਨੌਲਜੀ ਅਤੇ ਭੋਜਨ ਤਕਨਾਲੌਜੀ ਦੇ ਖੇਤਰ ਨਾਲ਼ ਸਬੰਧਤ ਖੋਜਾਰਥੀਆਂ ਨੂੰ ਹੁਣ ਲੈਬਾਰਟੀਆਂ ਤੋਂ ਵੀ ਅੱਗੇ ਸਟਾਰਟ-ਅਪ ਦੇ ਖੇਤਰ ਵਿੱਚ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵਿਕਾਸ ਦੇ ਨਾਮ ਉੱਤੇ ਬਹੁਤ ਸਾਰੀਆਂ ਉਪਜਾਊ ਜਮੀਨਾਂ ਰੁਕਦੀਆਂ ਜਾ ਰਹੀਆਂ ਹਨ ਅਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਬਹੁਤਾਤ ਆਦਿ ਸਮੱਸਿਆਵਾਂ ਆਉਣ ਵਾਲ਼ੇ ਸਮੇਂ ਵਿੱਚ ਭੋਜਨ ਦੀ ਪੈਦਾਵਾਰ ਸਬੰਧੀ ਚੁਣੌਤੀਆਂ ਬਣ ਰਹੀਆਂ ਹਨ, ਤਾਂ ਭੋਜਨ ਤਕਾਨਲੌਜੀ ਦੇ ਖੋਜੀਆਂ ਨੇ ਹੀ ਇਸ ਸਭ ਦਾ ਹੱਲ ਕੱਢਣਾ ਹੈ।
ਉਨ੍ਹਾਂ ਕਿਹਾ ਕਿ  ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਹੁਣ ਜਦੋਂ ਰਵਾਇਤੀ ਕਿਸਮ ਦੀਆਂ ਨੌਕਰੀਆਂ ਦਾ ਭਵਿੱਖ ਅਨਿਸ਼ਚਿਤ ਜਾਪ ਰਿਹਾ ਹੈ ਤਾਂ ਸਾਨੂੰ ਅਜਿਹੇ ਨਵੇਂ ਖੇਤਰਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੈਇਟੈਕਨੌਲਜੀ ਦੇ ਖੇਤਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸਾਡੇ ਖੋਜਾਰਥੀ ਦੇਸ ਦੇ ਆਰਥਿਕ ਵਿਕਾਸ ਵਿੱਚ ਵੀ ਭਰਪੂਰ ਹਿੱਸਾ ਪਾ ਸਕਦੇ ਹਨ।
ਪ੍ਰੋ. ਸੁਦੇਸ਼ ਕੁਮਾਰ ਯਾਦਵ ਨੇ ਆਪਣੇ ਅਦਾਰੇ ਵੱਲੋਂ ਜੈਵਿਕ ਸਾਧਨਾਂ ਦੇ ਵਿਕਾਸ ਅਤੇ ਮਜ਼ਬੂਤੀ ਲਈ ਕੀਤੇ ਜਾ ਰਹੇ ਉਪਰਾਲਿਆਂ ‘ਤੇ ਰੌਸ਼ਨੀ ਪਾਈ ਅਤੇ ਇਸ ਖੇਤਰ ਵਿੱਚ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਪ੍ਰੋ. ਨਸੀਮ ਏ. ਗੌਰ ਨੇ ਆਪਣੇ ਭਾਸ਼ਣ ਦੌਰਾਨ ਭਾਰਤ ਦੀ ਹੋਰਨਾਂ ਦੇਸ਼ਾਂ ਤੋਂ ਸੂਖਮ ਜੀਵਾਂ (ਮਾਈਕ੍ਰੋਆਰਗੈਨਿਜ਼ਮਜ਼) ਦੀ ਆਯਾਤ ਸਬੰਧੀ ਨਿਰਭਰਤਾ ਘਟਾਉਣ ਲਈ ਦੇਸੀ ਤਕਨਾਲੋਜੀ ਵਿਕਸਿਤ ਕਰਨ ਦੀ ਮਹੱਤਤਾ 1ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਖੋਜ ਟੀਮ ਵੱਲੋਂ ਈਥਾਨੋਲ ਉਤਪਾਦਨ ਲਈ ਤਿਆਰ ਕੀਤੀਆਂ ਖਮੀਰ (ਯੀਸਟ) ਦੀਆਂ ਕਿਸਮਾਂ ਉਦਯੋਗਿਕ ਟ੍ਰਾਇਲ ਦੌਰਾਨ ਬਹੁਤ ਹੀ ਸਫਲ ਸਾਬਤ ਹੋਈਆਂ ਹਨ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਆਰਥਿਕਤਾ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਭੋਜਨ ਸੁਰੱਖਿਆ ਅਤੇ ਭੋਜਨ ਵਿਅਰਥਤਾ ਆਦਿ ਦੀਆਂ ਚੁਣੌਤੀਆਂ ਨਾਲ਼ ਨਜਿੱਠੇ ਜਾਣ ਲਈ ਭੋਜਨ ਤਕਨਾਲੌਜੀ ਦੇ ਵਿਗਿਆਨੀ ਅਹਿਮ ਭੂਮਿਕਾ ਨਿਭਾਉਣਗੇ।
ਉਦਘਾਟਨੀ ਸੈਸ਼ਨ ਦਾ ਸਵਾਗਤੀ ਭਾਸ਼ਣ ਸੰਮੇਲਨ ਕੋਆਰਡੀਨੇਟਰ ਅਤੇ ਵਿਭਾਗ ਡਾ. ਰਣਜੀਤਾ ਬਾਹਰੀ ਨੇ ਦਿੱਤਾ ਜਦੋਂ ਕਿ ਕੋ-ਕੋਆਰਡੀਨੇਟਰ ਪ੍ਰੋ. ਬਲਵਿੰਦਰ ਸਿੰਘ ਸੂਚ ਵੱਲੋਂ ਯੂਨੀਵਰਸਿਟੀ ਦੇ ਬਾਇਓਟੈਕਨੌਲਜੀ ਅਤੇ ਫੂਡ ਟੈਕਨੋਲੋਜੀ ਵਿਭਾਗ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ।
ਪਹਿਲੇ ਦਿਨ ਹੋਏ ਪੋਸਟਰ ਪ੍ਰਦਰਸ਼ਨ ਸੈਸ਼ਨ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਆਏ ਭਾਗੀਦਾਰਾਂ ਵੱਲੋਂ ਵਿਸ਼ੇ ਨਾਲ਼ ਸਬੰਧਤ 54 ਪੋਸਟਰ ਪੇਸ਼ ਕੀਤੇ ਗਏ।
ਉਦਘਾਟਨੀ ਸੈਸ਼ਨ ਉਪਰੰਤ ਹੋਏ ਅਕਾਦਮਿਕ ਸੈਸ਼ਨਾਂ ਦੌਰਾਨ ਦੇਸ ਵਿਦੇਸ਼ ਤੋਂ ਪੁੱਜੇ ਵਿਦਵਾਨ ਡਾ. ਮੋਨਿਕਾ ਗਰਗ, ਡਾ. ਰਵਿੰਦਰ ਕੇ. ਮਲਿਕ, ਪ੍ਰੋ. ਨਾਗੇਂਦ੍ਰ ਕੇ. ਕੌਸਿ਼ਕ, ਪ੍ਰੋ. ਸੁਧਾਂਸ਼ੂ ਵਰਾਤੀ ਆਦਿ ਵੱਲੋਂ ਅਹਿਮ ਨੁਕਤੇ ਸਾਂਝੇ ਕੀਤੇ ਗਏ ।
Scroll to Top