ਪਟਿਆਲਾ, 21 ਫਰਵਰੀ – ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਅੰਤਰ ਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕੀਤੇ ਗਏ। ਸਮਾਗਮਾਂ ਦੀ ਇਸ ਲੜੀ ਵਿੱਚ ਪਹਿਲਾ ਸਮਾਗਮ ‘ਗਿਆਨੀ ਲਾਲ ਸਿੰਘ ਯਾਦਗਾਰੀ ਭਾਸ਼ਣ’ ਸੀ ਜੋ ਸੈਨੇਟ ਹਾਲ ਵਿਖੇ ਕਰਵਾਇਆ ਗਿਆ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਸਿਰਫ਼ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਗਿਆਨ-ਵਿਗਿਆਨ ਅਤੇ ਆਧੁਨਿਕ ਤਕਨੀਕਾਂ ਦੇ ਹਵਾਲੇ ਨਾਲ਼ ਪੰਜਾਬੀ ਲਈ ਅਹਿਮ ਕਾਰਜ ਕੀਤੇ ਹਨ।
ਉਨ੍ਹਾਂ ਕਿਹਾ ਕਿ ਨਵੇਂ ਗਿਆਨ ਨਾਲ਼ ਜੁੜ ਕੇ ਹੀ ਕੋਈ ਭਾਸ਼ਾ ਤਰੱਕੀ ਕਰ ਸਕਦੀ ਹੈ, ਇਸ ਲਈ ਸਾਨੂੰ ਨਵੇਂ ਗਿਆਨਾਂ ਲਈ ਹਮੇਸ਼ਾ ਰਸਤੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਲਈ ਕੀਤੇ ਕਾਰਜਾਂ ਨੂੰ ਦੁਨੀਆਂ ਤੱਕ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਵਿੱਖ ਵਿੱਚ ਵੱਖ-ਵੱਖ ਅਨੁਸ਼ਾਸਨਾਂ ਦੀਆਂ ਪੁਸਤਕਾਂ ਪੰਜਾਬੀ ਵਿੱਚ ਛਾਪਣ ਲਈ ਯਤਨਸ਼ੀਲ ਰਹੇਗੀ।
ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ. ਵਰਿਆਮ ਸਿੰਘ ਸੰਧੂ ਨੇ ਗਿਆਨੀ ਲਾਲ ਸਿੰਘ ਵੱਲੋਂ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਹੁਤ ਵੱਡੇ ਦ੍ਰਿਸ਼ਟੀਕੋਣ ਵਾਲੀ ਸ਼ਖ਼ਸੀਅਤ ਸਨ। ਪਰਿਵਾਰ ਤੋਂ ਪਹਿਲਾਂ ਉਹ ਪੰਜਾਬੀ ਬੋਲੀ ਦੇ ਵਿਕਾਸ ਨੂੰ ਅਹਿਮੀਅਤ ਦਿੰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬੀ ਰੁਜ਼ਗਾਰ, ਪਰਿਵਾਰ ਅਤੇ ਸਰਕਾਰ ਦੀ ਭਾਸ਼ਾ ਬਣੇ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰਾਂ, ਕਾਨਫ਼ਰੰਸਾਂ ਅਤੇ ਹੋਰ ਸਮਾਗਮਾਂ ਦਾ ਤਾਂ ਹੀ ਮਹੱਤਵ ਹੈ ਜੇਕਰ ਅਸੀਂ ਗੱਲਾਂ-ਬਾਤਾਂ ਤੋਂ ਅੱਗੇ ਵਧ ਕੇ ਵਿਹਾਰਕ ਪੱਧਰ ਤੱਕ ਪੰਜਾਬੀ ਭਾਸ਼ਾ ਦੇ ਲਈ ਕਾਰਜ ਕਰੀਏ। ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਅਹਿਮ ਕਾਰਜ ਕੀਤੇ ਹਨ। ਪੰਜਾਬੀ ਦੀ ਵਿਕਾਸ ਰੇਖਾ ਵਿੱਚੋਂ ਪੰਜਾਬੀ ਯੂਨੀਵਰਸਿਟੀ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ।
ਡੀਨ, ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਕਾਰਜ ਪਹਿਲਤਾ ਦੇ ਆਧਾਰ ’ਤੇ ਕਰੇਗੀ। ਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਪੱਧਰ ’ਤੇ ਇਸ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਜਿਹੜਾ ਵੀ ਕਾਰਜ ਇਹਨਾਂ ਖੇਤਰਾਂ ਨਾਲ ਜੁੜਿਆ ਹੋਇਆ ਹੈ ਉਸ ਦਾ ਮਿਆਰ ਉੱਚ ਪੱਧਰੀ ਹੋਵੇ ਅਤੇ ਸੰਚਾਰ ਲੋਕਾਈ ਤੱਕ ਜਾਵੇ।
ਵਿਭਾਗ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਭਾਸ਼ਣ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਗਿਆਨੀ ਲਾਲ ਸਿੰਘ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਨਾਂ ’ਤੇ ਬਣੀ ਹੋਈ ਯੂਨੀਵਰਸਿਟੀ ਹੈ ਜੋ ਹਮੇਸ਼ਾਂ ਇਸ ਦੇ ਵਿਕਾਸ ਲਈ ਪੱਬਾਂ ਭਾਰ ਰਹਿੰਦੀ ਹੈ।
ਇਸ ਮੌਕੇ ਹਾਜ਼ਰ ਗਿਆਨੀ ਲਾਲ ਸਿੰਘ ਦੇ ਵੱਡੇ ਪੁੱਤਰ ਡਾ. ਨਰਿੰਦਰ ਸਿੰਘ ਬਰਾੜ ਨੇ ਪੰਜਾਬੀ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਤਸੱਲੀ ਪ੍ਰਗਟ ਕੀਤੀ ਕਿ ਹਰ ਸਾਲ ਮਾਤ-ਭਾਸ਼ਾ ਦੇ ਦਿਨ ਉਹਨਾਂ ਦੇ ਪਿਤਾ ਜੀ ਦੀ ਦੇਣ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ ਗਿਆਨੀ ਲਾਲ ਸਿੰਘ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ’ਤੇ ਯੂਨੀਵਰਸਿਟੀ ਦੀ ਵਿਦਿਆਰਥਣ ਮੰਨਤ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਜੋ ਵਾਈਸ-ਆਫ਼-ਪੰਜਾਬ 16 ਦੀ ਜੇਤੂ ਰਹੀ।
ਡਾ. ਬਲਵਿੰਦਰ ਕੌਰ ਸਿੱਧੂ, ਡੀਨ, ਭਾਸ਼ਾਵਾਂ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।