ਪਟਿਆਲਾ, 24 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਜੀਵ ਵਿਗਿਆਨਕ ਅਤੇ ਵਾਤਾਵਰਣ ਸੁਸਾਇਟੀ ਦੇ ਸਹਿਯੋਗ ਨਾਲ਼ ‘ਪੇਸ਼ੇਵਰ ਫ਼ੋਟੋਗ੍ਰਾਫੀ’ ਬਾਰੇ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੁੱਜੇ ਜੀਵ ਵਿਗਿਆਨੀ, ਅਧਿਆਪਕ ਅਤੇ ਜੰਗਲੀ ਜੀਵ ਫੋਟੋਗ੍ਰਾਫ਼ਰ ਡਾ. ਜੀਸੂ ਜਸਕੰਵਰ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ‘ਪੇਸ਼ੇਵਰ ਫੋਟੋਗ੍ਰਾਫ਼ੀ’ ਵਿਸ਼ੇ ਦੇ ਵੱਖ-ਵੱਖ ਪੱਖਾਂ ਉੱਤੇ ਆਪਣੀ ਗੱਲ ਰੱਖੀ। ਉਨ੍ਹਾਂ ਕੈਮਰੇ ਦੇ ਐਕਸਪੋਜ਼ਰ ਨੂੰ ਸਮਝਣ, ਐਪਰਚਰ, ਸ਼ਟਰ ਸਪੀਡ, ਆਈ.ਐੱਸ.ਓ., ਵੱਖ-ਵੱਖ ਲੈਂਜ਼, ਮੈਨੂਅਲ ਮੋਡ ਆਦਿ ਬਾਰੇ ਵਿਸਥਾਰ ਵਿੱਚ ਦੱਸਿਆ। ਲਾਈਟਿੰਗ ਸਬੰਧੀ ਹੁਨਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕੁਦਰਤੀ ਰੌਸ਼ਨੀ ਨੂੰ ਕਿਵੇਂ ਸਮਝਿਆ ਜਾਵੇ, ਇਸ ਦੇ ਬਦਲਣ ਦੀ ਭਵਿੱਖਬਾਣੀ ਕਿਵੇਂ ਕੀਤੀ ਜਾਵੇ ਅਤੇ ਇਸ ਰੌਸ਼ਨੀ ਦੀ ਵਰਤੋਂ ਕਿਵੇਂ ਕੀਤੀ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਕੈਮਰਿਆਂ ਦੇ ਵਿਕਾਸ ਬਾਰੇ ਵੀ ਵਿਸਥਾਰ ਨਾਲ਼ ਦੱਸਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਮੁਖੀ ਅਤੇ ਕਨਵੀਨਰ ਡਾ. ਓਂਕਾਰ ਸਿੰਘ ਬੜੈਚ ਵੱਲੋਂ ਦਿੱਤੇ ਸਵਾਗਤੀ ਭਾਸ਼ਣ ਨਾਲ਼ ਹੋਈ। ਉਨ੍ਹਾਂ ਕਿਹਾ ਕਿ ਫ਼ੋਟੋਗ੍ਰਾਫੀ ਜੀਵ ਵਿਗਿਆਨ ਅਤੇ ਜੰਗਲੀ ਜੀਵਾਂ ਦੇ ਖੇਤਰ ਲਈ ਇੱਕ ਜ਼ਰੂਰੀ ਹੁਨਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੌਰਾਨ ਫੋਟੋਗ੍ਰਾਫੀ ਦੀਆਂ ਬਾਰੀਕੀਆਂ ਸਿੱਖਣ ਦੀ ਲੋੜ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਵੱਲ ਉਤਸ਼ਾਹਿਤ ਕਰਨ ਲਈ ਵਿਭਾਗ ਵਿੱਚ ਫੋਟੋਗ੍ਰਾਫੀ ਮੁਕਾਬਲਾ ਵੀ ਕਰਵਾਇਆ ਜਾਵੇਗਾ।
ਮੰਚ ਸੰਚਾਲਨ ਦਾ ਕਾਰਜ ਪ੍ਰੋਗਰਾਮ ਦੇ ਅਯੋਜਕੀ ਸਕੱਤਰ ਡਾ. ਮੀਨਾਕਸ਼ੀ ਭਾਰਤੀ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰੋ. ਹਿਮੇਂਦਰ ਭਾਰਤੀ ਵੀ ਮੌਜੂਦ ਰਹੇ। ਮਹਿਮਾਨ ਦੀ ਜਾਣ-ਪਹਿਚਾਣ ਡਾ. ਅਭਿਨਵ ਸਕਸੈਨਾ ਵੱਲੋਂ ਕਰਵਾਈ ਗਈ। ਧੰਨਵਾਦੀ ਸ਼ਬਦ ਡਾ. ਦਲਵੀਰ ਸਿੰਘ ਨੇ ਪੇਸ਼ ਕੀਤੇ। ਇਸ ਵਰਕਸ਼ਾਪ ਵਿੱਚ ਲਗਭਗ 110 ਵਿਦਿਆਰਥੀ, ਫੈਕਲਟੀ ਮੈਂਬਰ, ਖੋਜਾਰਥੀ ਅਤੇ ਗੈਰ-ਅਧਿਆਪਨ ਸਟਾਫ਼ ਮੈਂਬਰ ਸ਼ਾਮਿਲ ਰਹੇ।