ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਵਿਗਿਆਨਕ ਵਿਸ਼ਿਆਂ ‘ਤੇ ਵਿਸ਼ੇਸ਼ ਭਾਸ਼ਣ ਕਰਵਾਏ

ਪਟਿਆਲਾ, 27 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਵਿਗਿਆਨਕ ਵਿਸ਼ਿਆਂ ‘ਤੇ ਵਿਸ਼ੇਸ਼ ਭਾਸ਼ਣ ਕਰਵਾਏ ਗਏ। ‘ਕੇ. ਕੇ. ਨੰਦਾ ਫਾਊਂਡੇਸ਼ਨ ਫਾਰ ਐਡਵਾਂਸਮੈਂਟ ਆਫ ਪਲਾਂਟ ਸਾਇੰਸਜ਼’ ਦੇ ਪੰਜਾਬੀ ਯੂਨੀਵਰਸਿਟੀ ਚੈਪਟਰ ਅਤੇ ‘ਨਾਸੀ ਸੀ.ਈ.ਆਰ. ਚੈਪਟਰ’ ਦੇ ਸਹਿਯੋਗ ਨਾਲ਼ ਕਰਵਾਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ।
ਵਿਗਿਆਨਕ ਵਿਸ਼ਿਆਂ ‘ਤੇ ਇਹ ਵਿਸ਼ੇਸ਼ ਭਾਸ਼ਣ ਕੇਂਦਰੀ ਯੂਨੀਵਰਸਿਟੀ ਪੰਜਾਬ (ਬਠਿੰਡਾ), ਡੀ.ਏ.ਵੀ. ਯੂਨੀਵਰਸਿਟੀ ਅਤੇ ਐਮਿਟੀ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਆਰ. ਕੇ. ਕੋਹਲੀ ਅਤੇ ਆਈ.ਆਈ.ਐੱਸ.ਈ.ਆਰ. ਮੋਹਾਲੀ ਦੇ ਡਾਇਰੈਕਟਰ ਪ੍ਰੋ. ਏ. ਕੇ. ਤ੍ਰਿਪਾਠੀ ਨੇ ਦਿੱਤੇ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਬਨਸਪਤੀ ਵਿਗਿਆਨ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉੱਚ-ਪੱਧਰੀ ਵਿਗਿਆਨਕ ਭਾਸ਼ਣ ਨੌਜਵਾਨ ਖੋਜਾਰਥੀਆਂ ਦੇ ਮਨਾਂ ਵਿੱਚ ਨਵੀਂ ਜਿਗਿਆਸਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਖੋਜ ਲਈ ਪ੍ਰੇਰਿਤ ਕਰਦੇ ਹਨ।
ਇਸ ਮੌਕੇ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਗੀਤਿਕਾ ਸਰਹਿੰਦੀ ਵੱਲੋਂ ਸੰਪਾਦਿਤ ਪੁਸਤਕ ਰਿਲੀਜ਼ ਕੀਤੀ ਗਈ।
ਅੰਤ ਵਿੱਚ ਡਾ. ਗੀਤਿਕਾ ਸਰਹਿੰਦੀ ਵੱਲੋਂ ਧੰਨਵਾਦੀ ਸ਼ਬਦ ਪੇਸ਼ ਕੀਤੇ ਗਏ। ਇਸ ਮੌਕੇ  ਡਾ.ਹਿਮੇਂਦਰ ਭਾਰਤੀ, ਡਾ. ਮੁਨਰੂਚੀ ਕੌਰ, ਡਾ. ਮਨੀਸ਼ ਕਪੂਰ, ਡਾ. ਅਰਨੀਤ ਗਰੇਵਾਲ ਅਤੇ ਡਾ. ਅਵਨੀਤਪਾਲ ਸਿੰਘ ਮੌਜੂਦ ਰਹੇ।
Scroll to Top