ਪਟਿਆਲਾ, 10 ਸਤੰਬਰ – ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਖ਼ੁਦਕੁਸ਼ੀ ਰੋਕਥਾਮ ਸਬੰਧੀ ਕੌਮਾਂਤਰੀ ਦਿਵਸ ਦੇ ਮੌਕੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ‘ਮਾਨਸਿਕ ਸਿਹਤ ਬਾਰੇ ਗੱਲਬਾਤ ਦੀ ਸਾਂਝ: ਜੀਵਨ-ਪੱਖੀ ਸੋਚ ਦੀ ਸਥਾਪਨਾ’ ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਪੀ.ਜੀ.ਆਈ. ਚੰਡੀਗੜ੍ਹ ਤੋਂ ਚਾਈਲਡ ਐਂਡ ਐਡੋਲੇਸੈਂਟ ਸਾਈਕਾਇਟਰੀ ਵਿਭਾਗ ਦੇ ਅਡੀਸ਼ਨਲ ਪ੍ਰੋਫ਼ੈਸਰ, ਡਾ. ਕ੍ਰਿਸ਼ਨ ਕੁਮਾਰ ਅਤੇ ਉੱਘੇ ਮਨੋਚਿਕਿਤਸਿਕ ਡਾ. ਰੂਬੀ ਆਹੂਜਾ ਨੇ ਬੁਲਾਰਿਆਂ ਵਜੋਂ ਸਿ਼ਰਕਤ ਕੀਤੀ।
ਪ੍ਰੋਗਰਾਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਸਿੰਘ ਨੇ ਕੀਤੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਦੌਰਾਨ ਕਿਹਾ ਕਿ ਹਰ ਜਿ਼ੰਦਗੀ ਕੀਮਤੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਇਹ ਗੱਲ ਆਪਣੇ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਹ ਕਿਸੇ ਵਿਸ਼ੇਸ਼ ਮਕਸਦ ਲਈ ਜਨਮਿਆ ਹੈ। ਉਨ੍ਹਾਂ ਸਭ ਨੂੰ ਆਪਣਾ ਅਤੇ ਆਪਣੇ ਇਰਦ-ਗਿਰਦ ਦੇ ਲੋਕਾਂ ਦਾ ਵਿਸ਼ੇਸ਼ ਖਿ਼ਆਲ ਰੱਖਣ ਲਈ ਕਿਹਾ ਤਾਂ ਜੋ ਕੋਈ ਵੀ ਜਿ਼ੰਦਗੀ ਵਿੱਚ ਨਾ-ਉਮੀਦੀ ਨਾ ਮਹਿਸੂਸ ਕਰੇ। ਉਨ੍ਹਾਂ ਕਿਹਾ ਕਿ ਨਾ-ਉਮੀਦੀ ਵਾਲ਼ੇ ਖਿ਼ਆਲ ਹੀ ਖ਼ੁਦਕੁਸ਼ੀ ਦੇ ਫ਼ੈਸਲੇ ਨੂੰ ਜਨਮ ਦਿੰਦੇ ਹਨ।
ਮਨੋਵਿਗਿਆਨਕ ਮਾਹਿਰ ਡਾ. ਕ੍ਰਿਸ਼ਨ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਆਤਮ-ਹੱਤਿਆ ਦੇ ਚੇਤਾਵਨੀ ਸੰਕੇਤ, ਕਾਰਨ ਅਤੇ ਲੱਛਣਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਮਾਨਸਿਕ ਸਿਹਤ ਨਾਲ਼ ਜੁੜੀਆਂ ਸਰਕਾਰੀ ਨੀਤੀਆਂ ਅਤੇ ਤਰਜੀਹਾਂ ਬਾਰੇ ਵੀ ਵਿਸ਼ੇਸ਼ ਤੌਰ ਉੱਤੇ ਚਰਚਾ ਕੀਤੀ। ਉਨ੍ਹਾਂ ਆਪਣੀ ਰੋਜ਼ਾਨਾ ਪ੍ਰੈਕਟਿਸ ਦੇ ਤਜਰਬੇ ਵੀ ਸਾਂਝੇ ਕੀਤੇ।
ਦੂਜੇ ਮਾਹਿਰ ਡਾ. ਰੂਬੀ ਆਹੂਜਾ ਨੇ ਆਤਮ-ਹੱਤਿਆ ਰੋਕਥਾਮ ਲਈ ਮਾਨਸਿਕ ਸਮਾਜਿਕ ਦਖ਼ਲਅੰਦਾਜ਼ੀ ਦੇ ਮਹੱਤਵ ਸਬੰਧੀ ਹਵਾਲੇ ਨਾਲ਼ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਤਣਾਅ ਅਤੇ ਜੀਵਨ ਦੀਆਂ ਦੁਸ਼ਵਾਰੀਆਂ ਨਾਲ ਨਜਿੱਠਣ ਲਈ ਕੁੱਝ ਮਾਨਸਿਕ ਕਸਰਤਾਂ ਵੀ ਕਰਵਾਈਆਂ।
ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ ਨੇ ਸਵਾਗਤੀ ਸ਼ਬਦ ਬੋਲੇ। ਸੈਮੀਨਾਰ ਕੋਆਰਡੀਨੇਟਰ ਕੌਂਸਲਰ ਡਾ. ਰੂਬੀ ਗੁਪਤਾ ਨੇ ਵਿਸ਼ੇ ਉੱਤੇ ਵਿਚਾਰ ਪ੍ਰਗਟਾਉਂਦੇ ਹੋਏ ਸਮਾਜਿਕ ਜਿ਼ੰਮੇਵਾਰੀ, ਅਤੇ ਆਪਣੇ ਸਵੈ ਦੀਆਂ ਪਰਤਾਂ ਨੂੰ ਕਬੂਲਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।