ਪਟਿਆਲਾ, 9 ਸਤੰਬਰ- ਪੰਜਾਬੀ ਯੂਨੀਵਰਸਿਟੀ ਦੇ ਜੈਵਿਕ ਤਕਨਾਲੋਜੀ ਅਤੇ ਭੋਜਨ ਤਕਨਾਲੋਜੀ ਵਿਭਾਗ ਦੇ ਚਾਰ ਵਿਦਿਆਰਥੀਆਂ ਨੂੰ ਪ੍ਰਸਿੱਧ ਕੰਪਨੀ ਪਨੇਸੀਆ ਬਾਇਓਟੈਕ ਲਿਮਿਟਡ ਵਿੱਚ ਨੌਕਰੀ ਪ੍ਰਾਪਤ ਹੋਈ ਹੈ। ਟੀਕਿਆਂ (ਵੈਕਸੀਨ) ਦੇ ਨਿਰਮਾਣ ਵਿੱਚ ਭਾਰਤ ਦੀ ਪ੍ਰਮੁੱਖ ਕੰਪਨੀ ਪਨੇਸੀਆ ਬਾਇਓਟੈਕ ਲਿਮਿਟਡ ਦੇ ਪ੍ਰਤੀਨਿਧੀਆਂ ਵੱਲੋਂ ਪਿਛਲੇ ਦਿਨੀਂ ਯੂਨੀਵਰਸਿਟੀ ਕੈਂਪਸ ਵਿੱਚ ਪਲੇਸਮੈਂਟ ਦੇ ਮਕਸਦ ਲਈ ਦੌਰਾ ਕੀਤਾ ਗਿਆ ਸੀ।
ਐੱਮ.ਐੱਸ-ਸੀ. (ਆਨਰਜ਼) ਬਾਇਓਟੈਕਨੋਲੋਜੀ ਤੋਂ ਸਦਸਿਮਰਤ ਕੌਰ ਅਤੇ ਗੁੰਜਨ ਸ਼ਰਮਾ ਜਦੋਂ ਕਿ ਐੱਮ.ਐੱਸ-ਸੀ. (ਆਨਰਜ਼) ਮਾਈਕ੍ਰੋਬੀਅਲ ਐਂਡ ਫੂਡ ਟੈਕਨੌਲਜੀ ਤੋਂ ਪ੍ਰਭਪਰੀਤ ਕੌਰ ਅਤੇ ਅਗਰਿਮਾ ਸੋਹਲ ਦੀ ਨੌਕਰੀ ਲਈ ਚੋਣ ਹੋਈ।
ਇਹ ਵਿਦਿਆਰਥੀ ਕੰਪਨੀ ਦੇ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਵਿਭਾਗ ਵਿੱਚ ਲਾਲੜੂ & ਸੈਂਟਰ (ਐੱਸ.ਏ.ਐੱਮ.ਫੀ.ਏ.ਐੱਨ. ਐੱਨ. ਅਤੇ ਫਾਰਮਾ) ਅਤੇ ਬੱਦੀ (ਹਿਮਾਚਲ ਪ੍ਰਦੇਸ਼) ਵਿਖੇ ਵੈਕਸੀਨ ਮੈਨੂਫੈਕਚਰਿੰਗ ਯੂਨਿਟ ਵਿੱਚ ਕੰਮ ਕਰਨਗੇ।
ਭਰਤੀ ਦੀ ਇਹ ਪ੍ਰਕਿਰਿਆ ਤਿੰਨ ਪੜਾਵਾਂ ਵਿੱਚ ਹੋਈ। ਪਹਿਲੇ ਪੜਾਅ ਵਿੱਚ 13 ਜੂਨ 2025 ਨੂੰ ਆਨਲਾਈਨ ਟੈਸਟ ਲਿਆ ਗਿਆ। ਦੂਜੇ ਪੜਾਅ ਵਿੱਚ 19 ਜੂਨ 2025 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਵਿਭਾਗ ਵਿੱਚ ਚੋਣਵੇਂ 12 ਵਿਦਿਆਰਥੀਆਂ ਨਾਲ਼ ਇੰਟਰਵਿਊ ਹੋਈ। ਆਖਰੀ ਪੜਾਅ ਪਨੇਸੀਆ ਬਾਇਓਟੈਕ, ਬੱਦੀ ਵਿਖੇ ਸੰਪੰਨ ਹੋਇਆ ਜਿੱਥੇ ਚਾਰ ਵਿਦਿਆਰਥੀ ਇਹ ਨੌਕਰੀ ਹਾਸਿਲ ਕਰਨ ਵਿੱਚ ਸਫਲ ਹੋਏ।
ਐਸੋਸੀਏਟ ਡੀਨ ਖੋਜ ਪ੍ਰੋ. ਮਿੰਨੀ ਸਿੰਘ, ਜੋ ਕਿ ਇਸੇ ਵਿਭਾਗ ਵਿੱਚ ਅਧਿਆਪਕ ਵਜੋਂ ਕਾਰਜਸ਼ੀਲ ਹਨ, ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੇ ਪਲੇਸਮੈਂਟ ਸੈੱਲ ਦੀ ਸ਼ਲਾਘਾ ਕੀਤੀ।
ਵਿਭਾਗ ਮੁਖੀ ਡਾ. ਰਣਜੀਤਾ ਬਾਹਰੀ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਭਾਗ ਦੇ ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਨਜ਼ਰੀਏ ਤੋਂ ਲੋੜੀਂਦੇ ਕੌਸ਼ਲ ਪ੍ਰਦਾਨ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਨੂੰ ਹੋਰ ਬਿਹਤਰ ਬਣਾਉਣ ਲਈ ਕੋਰਸ ਪਾਠਕ੍ਰਮ ਵਿੱਚ ਵੀ ਲੋੜੀਂਦੇ ਸੁਧਾਰ ਕੀਤੇ ਜਾਣਗੇ।
ਪ੍ਰੋ.ਬਲਜਿੰਦਰ ਕੌਰ, ਜੋ ਕਿ ਵਿਭਾਗ ਵਿਖੇ ਇਨ-ਪਲਾਂਟ ਟ੍ਰੇਨਿੰਗ ਅਤੇ ਪਲੇਸਮੈਂਟ ਇੰਚਾਰਜ ਹਨ, ਨੇ ਪਨੇਸੀਆ ਬਾਇਓਟੈਕ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕਿਸਮ ਦੀਆਂ ਪਲੇਸਮੈਂਟ ਡਰਾਈਵਜ਼ ਵਿਦਿਆਰਥੀਆਂ ਨੂੰ ਰੁਜ਼ਗਾਰ ਯੋਗ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ।