ਪਟਿਆਲਾ, 3 ਫਰਵਰੀ – ਪੰਜਾਬੀ ਯੂਨੀਵਰਸਿਟੀ ਦੀ ਮਹਿਲਾ ਹਾਕੀ ਟੀਮ ਨੇ ਉੜੀਸਾ ਦੇ ਭੁਵਨੇਸ਼ਵਰ ਵਿੱਚ ਕਾਲਿੰਗਾ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਟੈਕਨੌਲਜੀ ਵਿਖੇ ਕਰਵਾਏ ਗਏ ਸਰਬ-ਭਾਰਤੀ ਅੰਤਰ-ਵਰਸਿਟੀ ਮੁਕਾਬਲਿਆਂ ਦੌਰਾਨ ਕਾਂਸੀ ਤਗ਼ਮਾ ਜਿੱਤ ਲਿਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਮੁੱਚੀ ਟੀਮ, ਉਨ੍ਹਾਂ ਦੀ ਕੋਚ ਅਤੇ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਲੜਕੀਆਂ ਵੱਲੋਂ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਹੋਰ ਵੀ ਜ਼ਿਆਦਾ ਮਾਇਨੇ ਰੱਖਦੀਆਂ ਹਨ ਕਿਉਂਕਿ ਅਜਿਹਾ ਕਰਨ ਨਾਲ ਹੋਰਨਾ ਲੜਕੀਆਂ ਨੂੰ ਵੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਉਤਸਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਆਪਣੀਆਂ ਹੋਣਹਾਰ ਖਿਡਾਰਨਾਂ ਉੱਤੇ ਮਾਣ ਹੈ।
ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਅਤੇ ਸੁਖਵੀਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਲਈ ਜੇਤੂ ਗੋਲ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਈ.ਐਮ.ਟੀ. ਗਵਾਲੀਅਰ ਨੂੰ 2-1 ਨਾਲ ਹਰਾ ਕੇ ਇਹ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਕੋਚ ਮੀਨਾਕਸ਼ੀ ਅਤੇ ਟੀਮ ਸਹਿਯੋਗੀ ਪਦਮਸ਼੍ਰੀ ਸ. ਬਲਦੇਵ ਸਿੰਘ ਨੂੰ ਉਚੇਚੇ ਤੌਰ ਉੱਤੇ ਵਧਾਈ ਦਿੱਤੀ।
.