ਪ੍ਰਭੂ ਸ਼੍ਰੀ ਰਾਮ ਦਾ ਪੂਰਾ ਜੀਵਨ ਪ੍ਰੇਰਣਾ ਸਰੋਤ – ਵਰੁਣ ਜਿੰਦਲ

ਪਟਿਆਲਾ, 26 ਸਤੰਬਰ : ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਅਤੇ ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਵਿੱਚ ਜੋੜੀਆਂ ਭੱਠੀਆਂ ਚੌਕ ‘ਚ ਆਯੋਜਿਤ ਸ਼੍ਰੀ ਰਾਮ ਲੀਲਾ ਵਿੱਚ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਦੇ ਵਨ ਜਾਣ ਅਤੇ ਸ਼੍ਰੀ ਰਾਮ-ਭਰਤ ਮਿਲਾਪ ਦੇ ਦ੍ਰਿਸ਼ ਨੇ ਪੰਡਾਲ ‘ਚ ਬੈਠੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਅਤੇ ਸਾਰਾ ਪੰਡਾਲ ਰਾਮ ਨਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਸ਼ਾਮਵੀਰ ਜੀ ਵਿਭਾਗ ਪ੍ਰਚਾਰਕ ਆਰ.ਐਸ.ਐਸ., ਸਤੀਸ਼ ਜੀ, ਕਰੁਣ ਕੌੜਾ, ਗੁਰਵਿੰਦਰ ਕਾਂਸਲ ਅਤੇ ਕਮਲ ਅਗਰਵਾਰ ਵਿਸ਼ੇਸ਼ ਤੌਰ ਤੇ ਪਹੁੰਚੇ।

ਸ਼੍ਰੀ ਰਾਮ ਲੀਲਾ ਵਿੱਚ ਭਰਤ ਮਿਲਾਪ ਦੇ ਦ੍ਰਿਸ਼ ਰਾਹੀਂ ਦਿਖਾਇਆ ਗਿਆ ਕਿ ਭਰਾ ਦਾ ਭਰਾ ਪ੍ਰਤੀ ਪਿਆਰ, ਸਮਰਪਣ ਅਤੇ ਤਿਆਗ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਇੱਕ ਪਾਸੇ ਜਿੱਥੇ ਭਰਤ ਸ਼੍ਰੀ ਰਾਮ ਨੂੰ ਅਯੋਧਿਆ ਵਾਪਸ ਚਲਣ ਦੀ ਪ੍ਰਾਰਥਨਾ  ਕਰਦੇ ਹਨ, ਉੱਥੇ ਹੀ ਸ਼੍ਰੀ ਰਾਮ 14 ਸਾਲਾਂ ਤੱਕ ਵਨ ਵਿੱਚ ਰਹਿਣ ‘ਤੇ ਅਡਿੱਗ ਰਹਿੰਦੇ ਹਨ। ਇਸ ‘ਤੇ ਭਰਤ, ਸ਼੍ਰੀ ਰਾਮ ਦੀ ਖੜਾਊ ਲੈ ਕੇ ਅਯੋਧਿਆ ਵਾਪਸ ਲੌਟ ਜਾਂਦੇ ਹਨ। “ਰਾਮ ਭਗਤ ਲੈ ਚਲਾ ਰੇ ਰਾਮ ਦੀ ਨਿਸ਼ਾਨੀ…” ਭਜਨ ਨੇ ਤਾਂ ਸਭ ਨੂੰ ਭਾਵੁਕ ਕਰ ਦਿੱਤਾ। ਇਸ ਦ੍ਰਿਸ਼ ਵਿੱਚ ਸ਼੍ਰੀ ਰਾਮ ਦਾ ਪਾਤਰ ਨੀਰਜ ਸ਼ਰਮਾ, ਮਾਤਾ ਸੀਤਾ ਦਾ ਸੋਨਾਸ਼ੀ ਕੌਸ਼ਲ, ਲਕਸ਼ਮਣ ਦਾ ਆਦਿਤਿਆ ਸ਼ਰਮਾ, ਭਰਤ ਦਾ ਪਾਰਥ ਭੱਲਾ, ਸ਼ਤ੍ਰੁਘਨ ਦਾ ਦਿਵਾਂਸ਼ ਗਰਗ, ਮਹਾਰਾਜ ਜਨਕ ਦਾ ਮਾਧਵ, ਮਹਾਰਾਣੀ ਕੌਸ਼ਲਿਆ ਦਾ ਮੋਕਸਾ, ਰਾਣੀ ਕੈਕਈ ਦਾ ਕਨੂਪ੍ਰਿਆ, ਰਾਣੀ ਸੁਮਿਤਰਾ ਦਾ ਰਿਤੂ ਅਤੇ ਗੁਰੂ ਵਸ਼ਿਸ਼ਟ ਦਾ ਪਾਤਰ ਕਨਵ ਵੱਲੋਂ ਨਿਭਾਇਆ ਗਿਆ।

ਅਗਲੇ ਦ੍ਰਿਸ਼ ਵਿੱਚ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਨੂੰ ਪੰਚਵਟੀ ਵੱਲ ਜਾਂਦੇ ਹੋਏ ਦਿਖਾਇਆ ਜਾਂਦਾ ਹੈ, ਜਿੱਥੇ ਉਹਨਾਂ ਦੀ ਭੇਟ ਰਿਸ਼ੀ ਅਤਰੀ ਅਤੇ ਮਾਤਾ ਅਨਸੂਯਾ ਨਾਲ ਹੁੰਦੀ ਹੈ। ਇਸ ਤੋਂ ਬਾਅਦ ਰਾਵਣ ਦੇ ਦਰਬਾਰ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ, ਜਿੱਥੇ ਖਰ, ਦੂਸ਼ਣ ਅਤੇ ਸ਼ੂਰਪਣਖਾ ਮੌਜੂਦ ਹੁੰਦੇ ਹਨ, ਜਿਨ੍ਹਾਂ ਨੂੰ ਰਾਵਣ ਰਿਸ਼ੀਆਂ ਦੇ ਹਵਨ ਭੰਗ ਕਰਨ ਲਈ ਭੇਜਦਾ ਹੈ। ਇਸ ਤੋਂ ਬਾਅਦ ਸ਼ੂਰਪਣਖਾ ਪੰਚਵਟੀ ਪਹੁੰਚਦੀ ਹੈ, ਜਿੱਥੇ ਉਹ ਮਾਤਾ ਸੀਤਾ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਲਕਸ਼ਮਣ ਉਸ ਦੀ ਨੱਕ ਕੱਟ ਦਿੰਦੇ ਹਨ।

ਇਸ ਬਾਰੇ ਸ਼ੂਰਪਣਖਾ ਖਰ-ਦੂਸ਼ਣ ਨੂੰ ਦੱਸਦੀ ਹੈ, ਜਿਸ ਤੋਂ ਬਾਅਦ ਸ਼੍ਰੀ ਰਾਮ ਅਤੇ ਖਰ-ਦੂਸ਼ਣ ਵਿਚਕਾਰ ਯੁੱਧ ਹੁੰਦਾ ਹੈ, ਜਿਸ ਵਿੱਚ ਖਰ-ਦੂਸ਼ਣ ਸਮੇਤ ਸਾਰੇ ਰਾਕਸ਼ਸ ਮਾਰੇ ਜਾਂਦੇ ਹਨ। ਇਨ੍ਹਾਂ ਦ੍ਰਿਸ਼ਾਂ ਵਿੱਚ ਰਾਵਣ ਦਾ ਪਾਤਰ ਲਕਸ਼ਯ ਸ਼ਰਮਾ, ਸ਼ੂਰਪਣਖਾ ਦਾ ਡਾ. ਦੀਪਿਕਾ ਸ਼ਰਮਾ ਤੇ ਕਨੁਪ੍ਰਿਆ, ਖਰ-ਦੂਸ਼ਣ ਦਾ ਪਾਤਰ ਪਾਰਥ ਭੱਲਾ ਤੇ ਅਨਮੋਲ ਅਤੇ ਬਾਕੀ ਪਾਤਰ ਕਣਵ, ਅਨਿਕੇਤ, ਸ਼ਿਵਮ, ਦਿਵ੍ਯਮ, ਖੁਸ਼, ਸ਼ੁਭਮ ਵੱਲੋਂ ਨਿਭਾਏ ਗਏ।

ਪ੍ਰਧਾਨ ਵਰੁਣ ਜਿੰਦਲ ਨੇ ਕਿਹਾ ਕਿ ਸ਼੍ਰੀ ਰਾਮ ਦਾ ਜੀਵਨ ਬਹੁਤ ਹੀ ਪ੍ਰੇਰਣਾਦਾਇਕ ਹੈ, ਜਿਸ ਤੋਂ ਮਾਤਾ-ਪਿਤਾ ਦੀ ਆਗਿਆ ਮੰਨਣ, ਭਾਈ-ਭਰਾ ਦਾ ਪਿਆਰ, ਵੱਡੇ ਭਰਾ ਲਈ ਤਿਆਗ, ਭਗਤੀ ਆਦਿ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸ਼੍ਰੀ ਰਾਮ ਲੀਲਾ ਜ਼ਰੂਰ ਦਿਖਾਉਣ, ਤਾਂ ਜੋ ਸਾਡੀ ਨਵੀਂ ਪੀੜ੍ਹੀ ਨੂੰ ਧਰਮ ਅਤੇ ਸਭਿਆਚਾਰ ਦੀ ਪਛਾਣ ਹੋ ਸਕੇ।

Scroll to Top