ਪਟਿਆਲਾ, 12 Nov : ਪਟਿਆਲਾ ਅਗਰਵਾਲ ਇੰਟੈਲੈਕਚੁਅਲ ਫੋਰਮ ਵੱਲੋਂ ਸਥਾਨਕ ਸ਼੍ਰੀ ਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਧਾਨ ਨਰੇਸ਼ ਕੁਮਾਰ ਜੈਨ ਦੀ ਪ੍ਰਧਾਨਗੀ ਹੇਠ ਬੂਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 141 ਸਕੂਲੀ ਬੱਚਿਆਂ ਨੂੰ ਬਾਟਾ ਕੰਪਨੀ ਦੇ ਬੂਟ ਦਿੱਤੇ ਗਏ।
ਪ੍ਰਧਾਨ ਨਰੇਸ਼ ਕੁਮਾਰ ਜੈਨ ਨੇ ਦੱਸਿਆ ਕਿ ਸ਼੍ਰੀ ਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ, ਐਸ ਡੀ ਐਸ ਈ ਸੀਨੀਅਰ ਸੈਕੰਡਰੀ ਸਕੂਲ, ਆਰੀਆ ਕਨਿਆ ਸੀਨੀਅਰ ਸੈਕੰਡਰੀ ਸਕੂਲ, ਢੁੱਡੀਅਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਹਿੰਦੂ ਸੇਵਾ ਸਮਿਤੀ ਹਾਈ ਸਕੂਲ, ਜੈਨ ਗਰਲਜ਼ ਹਾਈ ਸਕੂਲ ਅਤੇ ਐਸ ਡੀ ਹਾਈ ਸਕੂਲ ਲਟੂਰਪੁਰਾ ਇਹਨਾਂ ਸਾਰੇ ਐਡਿਡ ਸਕੂਲਾਂ ਦੇ ਬੱਚਿਆਂ ਨੂੰ ਬੂਟ ਵੰਡੇ ਗਏ।
ਕਾਰਜਕ੍ਰਮ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਉਚਾਰਨ ਨਾਲ ਕੀਤੀ ਗਈ। ਵੀ ਕੇ ਮੋਦੀ ਨੇ ਮੰਚ ਸੰਜਾਲਨ ਕੀਤਾ ਤੇ ਐਨ ਕੇ ਜੈਨ ਨੇ ਸੰਗਠਨ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਸੇਵਾ ਕਾਰਜ ਸਕੂਲੀ ਬੱਚਿਆਂ ਨਾਲ ਸੰਬੰਧਤ ਹਨ। ਇਸ ਤੋਂ ਇਲਾਵਾ ਵੱਖ- ਵੱਖ ਆਸ਼ਰਮਾਂ ਵਿੱਚ ਭੋਜਨ ਸੇਵਾ, ਲੋੜਵੰਦਾਂ ਲਈ ਵਧੀਆ ਗੁਣਵੱਤਾ ਦੇ ਡਬਲ ਬੈੱਡ ਕੰਬਲ ਵੰਡਣਾ, ਮੈਡੀਕਲ ਚੈਕਅਪ ਕੈਂਪ ਲਗਾਉਣਾ ਆਦਿ ਸ਼ਾਮਲ ਹਨ।
ਸੰਗਠਨ ਦੇ ਉਪ-ਪ੍ਰਧਾਨ ਡੀ ਕੇ ਜੈਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕਰਨ ਦੇ ਸੁਝਾਅ ਦਿੱਤੇ। ਪ੍ਰਿੰਸੀਪਲ ਐਸ ਬੀ ਮੰਗਲਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਸੰਗਠਨ ਦੇ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕੀਤੀ।