ਚੰਡੀਗੜ੍ਹ, 2 ਨਵੰਬਰ : ਬੀਤੇ ਦਿਨੀ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਲੈਣ ਤੋ ਬਾਅਦ ਹੁਣ ਗੈਗਸਟਰ ਗੋਲਡੀ ਬਰਾੜ ਨੇ ਇਸ ਉਪਰ ਭਾਵੁਕ ਆਡੀਓ ਜਾਰੀ ਕਰਦਿਆਂ ਲਾਰੇਸ ਬਿਸ਼ਨੋਈ ਉਪਰ ਯਾਰ ਮਾਰ ਦੇ ਦੋਸ਼ ਲਗਾਏ ਹਨ।
ਜਿਕਰਯੋਗ ਹੈ ਕਿ ਆਪਣੇ ਆਡੀਓ ਸੁਨੇਹੇ ਵਿੱਚ ਗੋਲਡੀ ਬਰਾੜ ਨੇ ਇਹ ਵੀ ਕਿਹਾ ਕਿ ਪੈਰੀ ਦੇ ਮਾਪਿਆਂ ਨੇ ਮੁਸ਼ਕਲ ਸਮਿਆਂ ਦੌਰਾਨ ਬਿਸ਼ਨੋਈ ਨੂੰ ਹਮੇਸ਼ਾ ਆਪਣੇ ਪਰਿਵਾਰਕ ਮੈਂਬਰ ਵਾਂਗ ਸਹਾਰਾ ਦਿੱਤਾ ਸੀ।
ਬਰਾੜ ਦੇ ਸ਼ਬਦਾਂ ਮੁਤਾਬਕ, “ਜਿਨ੍ਹਾਂ ਲੋਕਾਂ ਨੇ ਉਸਨੂੰ ਆਪਣੇ ਪੁੱਤਰ ਵਾਂਗ ਰੱਖਿਆ, ਉਹਨਾਂ ਦੇ ਹੀ ਘਰ ਦਾ ਮੁੰਡਾ ਮਾਰਿਆ ਗਿਆ। ਇਹ ਦੋਸਤੀ ਦੇ ਨਾਂ ’ਤੇ ਸਭ ਤੋਂ ਵੱਡਾ ਧੋਖਾ ਹੈ।”
ਬਰਾੜ ਨੇ ਬਿਸ਼ਨੋਈ ਵੱਲੋਂ ਪੈਰੀ ’ਤੇ ਲਗਾਏ ਗਏ ਦੋਸ਼ਾਂ ਨੂੰ ਬੇ ਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਬਿਸ਼ਨੋਈ ਕਦੇ ਵੀ ਇਸ ਗੱਲ ਦਾ ਸਬੂਤ ਪੇਸ਼ ਨਹੀਂ ਕਰ ਸਕੇਗਾ ਕਿ ਪੈਰੀ ਨੇ ਉਸਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਸੀ।
ਗੋਲਡੀ ਬਰਾੜ ਨੇ ਦਾਅਵਾ ਕੀਤਾ ਕਿ ਪੈਰੀ ਦੀ ਹੱਤਿਆ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਸੀ ਅਤੇ ਉਸਨੂੰ ਟਾਰਗਟ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਜਾਲ ਬੁਣਿਆ ਗਿਆ।