ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦਾ 28ਵਾਂ ਡੈਲੀਗੇਟ ਇਜਲਾਸ ਸੰਪੰਨ

ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦਾ 28ਵਾਂ ਡੈਲੀਗੇਟ ਇਜਲਾਸ ਸੰਪੰਨ
ਪਟਿਆਲਾ : ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦਾ 28ਵਾਂ ਡੈਲੀਗੇਟ ਇਜਲਾਸ ਸੰਪੰਨ ਹੋਇਆ। ਇਜਲਾਸ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਥੇਬੰਦੀ ਦੀ ਕਾਨਫਰੰਸ ਹਰ ਤਿੰਨ ਸਾਲ ਬਾਅਦ ਕੀਤੀ ਜਾਦੀ ਹੈ ਜਿਸ ਵਿੱਚ ਅਗਲੇ ਤਿੰਨ ਸਾਲਾਂ ਲਈ ਨਵੀਂ ਆਗੂ ਟੀਮ ਦੀ ਚੋਣ ਕੀਤੀ ਜਾਂਦੀ ਹੈ । ਇਸ 28ਵੀਂ ਕਾਨਫਰੰਸ ਵਿੱਚ ਪੀ. ਆਰ. ਟੀ. ਸੀ. ਦੇ ਵੱਖ-ਵੱਖ ਡਿਪੂਆਂ ਵਿਚੋਂ ਚੁਣ ਕੇ ਆਏ 252 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ । ਪ੍ਰਭਾਤ ਪ੍ਰਵਾਨਾ ਟਰੇਡ ਯੂਨੀਅਨ ਯਾਦਗਾਰ ਸੈਂਟਰ ਵਿਖੇ ਸ਼ੁਰੂ ਹੋਈ ਕਾਨਫਰੰਸ ਦਾ ਉਦਘਾਟਨ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਨੇ ਕੀਤਾ । ਆਪਣੇ ਉਦਘਾਟਨੀ ਭਾਸ਼ਣ ਵਿੱਚ ਉਹਨਾਂ ਨੇ ਦੇਸ਼ ਅਤੇ ਦੁਨੀਆ ਦੇ ਹਾਲਾਤਾਂ ਦਾ ਭਰਪੂਰ ਜਿਕਰ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਤੀਜੀ ਵਾਰ ਹੋਂਦ ਵਿੱਚ ਮੋਦੀ ਸਰਕਾਰ ਆਰਥਕ ਫਰੰਟ ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ । ਇਸ ਸਰਕਾਰ ਦਾ ਆਮ ਲੋਕਾਂ ਦੀ ਜਿੰਦਗੀ ਦੀਆਂ ਮੁਸੀਬਤਾਂ ਨੂੰ ਹਲ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ। ਮੋਦੀ ਨੂੰ ਆਪਣੇ ਜੋਟੀਦਾਰ ਕਾਰਪੋਰੇਟ ਜੁੰਡਲੀ ਅਡਾਨੀ-ਅੰਬਾਨੀ ਦੇ ਕਾਰੋਬਾਰਾਂ ਅਤੇ ਉਹਨਾਂ ਦੀ ਧਨ ਦੌਲਤ ਵਿੱਚ ਬੇਸੁਮਾਰ ਵਾਧਾ ਕਰਨ ਤੋਂ ਬਿਨਾਂ ਹੋਰ ਕੋਈ ਚਿੰਤਾ ਨਹੀਂ ਜਾਪਦੀ । ਦੇਸ਼ ਦੇ ਸਭ ਵੱਡੇ ਵੱਡੇ ਪ੍ਰੋਜੈਕਟ ਇਹਨਾਂ ਧਨਾਠਾਂ ਦੇ ਹਵਾਲੇ ਕਰ ਦਿੱਤੇ ਗਏ ਹਨ । ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਅਤੇ ਰੁਜ਼ਗਾਰ ਦੇ ਮੁੱਖ ਸੋਮੇ ਪਬਲਿਕ ਸੈਕਟਰ ਨੂੰ ਕਮਜੋਰ ਜਾਂ ਖਤਮ ਕਰਕੇ ਇਹਨਾਂ ਸਰਮਾਏਦਾਰਾਂ ਦੇ ਨਿਜੀ ਮੁਨਾਫਿਆਂ ਦੀ ਭੇਂਟ ਚੜਾ ਦਿੱਤਾ ਗਿਆ ਹੈ । ਦੇਸ਼ ਵਿੱਚ ਵਿਕਰਾਲ ਰੂਪ ਧਾਰ ਚੁੱਕੀ ਗਰੀਬੀ ਅਤੇ ਬੇਰੁਜਗਾਰੀ ਦੇ ਹਲ ਲਈ ਝੂਠੇ ਦਾਅਵਿਆਂ ਤੋਂ ਬਿਨਾਂ ਅਮਲ ਵਿੱਚ ਕੋਈ ਕਦਮ ਨਹੀਂ ਚੁੱਕੇ ਜਾ ਰਹੇ । ਸਿਹਤ ਸੇਵਾਵਾਂ ਅਤੇ ਵਿਦਿਆ ਦਾ ਮੁਕੰਮਲ ਤੌਰ ਤੇ ਵਪਾਰੀਕਰਨ ਕਰ ਦਿੱਤਾ ਗਿਆ ਹੈ । ਅੱਜ ਇਹ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ ਅਤੇ ਇਹਨਾਂ ਨੂੰ ਮੁਨਾਫੇ ਬਖਸ਼ ਬੰਦੇ ਵਿੱਚ ਬਦਲ ਦਿੱਤਾ ਗਿਆ। ਇਹਨਾਂ ਬੁਨਿਆਦੀ ਲੋੜਾਂ ਤੋਂ ਧਿਆਨ ਲਾਂਭੇ ਰੱਖਣ ਲਈ ਫਾਸ਼ੀਵਾਦ ਦੀਆਂ ਨੀਤੀਆਂ ਤੇ ਚਲ ਰਹੀ ਸਰਕਾਰ ਵਲੋਂ ਦੇਸ਼ ਦੇ ਲੋਕਾਂ ਨੂੰ ਫਿਰਕੂ ਲੀਹਾਂ ਤੇ ਵੰਡਣ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਧਾਰਮਿਕ ਬਖੇਰੇ ਖੜੇ ਕੀਤੇ ਜਾ ਰਹੇ ਹਨ। ਘੱਟ ਗਿਣਤੀਆਂ ਤੇ ਹਰ ਰੋਜ ਹਮਲਿਆਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਖਾਸ ਕਰਕੇ ਮੁਸਲਿਮ ਘੱਟ ਗਿਣਤੀ ਵਿਰੁੱਧ ਨਫਰਤ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਯੂ.ਪੀ. ਦੇ ਮੁੱਖ ਮੰਤਰੀ ਵੱਲੋਂ ਸੰਵਿਧਾਨਕ ਮਰਿਆਦਾ ਦੀਆਂ ਧੱਜੀਆਂ ਉਡਾਕੇ ਖੁਲੇਆਮ ਬਹੁਗਿਣਤੀ ਨੂੰ ਘੱਟ ਗਿਣਤੀ ਭਾਈਚਾਰਿਆਂ ਵਿਰੱਧ ਦੰਗਿਆ ਲਈ ਉਕਸਾਇਆ ਜਾ ਰਿਹਾ ਹੈ। ਬਰਾੜ ਵੱਲੋਂ ਪੰਜਾਬ ਦੇ ਹਾਲਾਤਾਂ ਤੇ ਗਲ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਹਰ ਫਰੰਟ ਤੇ ਫੇਲ ਕਰਾਰ ਦਿੱਤਾ ਗਿਆ। ਜੋ ਕਿ ਲੋਕਾਂ ਦੀਆਂ ਹਕੀਕੀ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਚੁਟਕਲੇ ਸੁਣਾਕੇ ਹੀ ਗੱਡੀ ਰੇੜ ਰਿਹਾ ਹੈ। ਮੁਲਾਜਮਾਂ-ਮਜਦੂਰਾਂ, ਬੇਰੁਜਗਾਰੀ, ਅਮਨ ਕਾਨੂੰਨ, ਤਰ੍ਹਾਂ-ਤਰ੍ਹਾਂ ਦੇ ਮਾਫੀਏ, ਕਿਸਾਨੀ, ਗਰੀਬੀ ਆਦਿ ਵਰਗੇ ਗੰਭੀਰ ਮੁਦਿਆਂ ਦੇ ਹਲ ਲਈ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਪੰਜਾਬ ਸਿਰ ਕਰਜਾ 4 ਲੱਖ ਕਰੋੜ ਰੁਪਏ ਤੋਂ ਵੀ ਟੱਪ ਚੁੱਕਿਆ ਹੈ । ਇਸ ਕਾਨਫਰੰਸ ਨੂੰ ਭਰਾਤਰੀ ਸੰਦੇਸ਼ ਸ੍ਰੀ ਦਰਸ਼ਨ ਸਿੰਘ ਲੁਬਾਣਾ ਚੇਅਰਮੈਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਦਿੰਦੇ ਹੋਏ ਸੰਬੋਧਨ ਕੀਤਾ ਗਿਆ । ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਾਨਫਰੰਸ ਦੇ ਸਨਮੁੱਖ ਤਿੰਨ ਸਾਲ ਦੌਰਾਨ ਯੂਨੀਅਨ ਦੇ ਕੰਮਕਾਰਾਂ, ਘਾਟਾਂ ਕਮਜੋਰੀਆਂ ਅਤੇ ਅਗਲੇ ਕੰਮ ਅਤੇ ਟੀਚੇ ਆਦਿ ਦੀ ਰਿਪੋਰਟ ਪੇਸ਼ ਕੀਤੀ ਅਤੇ ਵਿਸਥਾਰ ਵਿੱਚ ਵਿਆਖਿਆ ਕੀਤੀ ਗਈ। ਰਿਪੋਰਟ ਤੇ 17 ਡੈਲੀਗੇਟਾਂ ਵਲੋਂ ਬਹਿਸ ਵਿੱਚ ਹਿੱਸਾ ਲਿਆ ਗਿਆ। ਉਪਰੰਤ ਰਿਪੋਰਟ ਸਰਬ ਸੰਮਤੀ ਨਾਲ ਪਾਸ ਕੀਤੀ ਗਈ । ਅਖੀਰ ਵਿੱਚ ਕਾਨਫਰੰਸ ਵਲੋਂ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ, ਗੁਰਵਿੰਦਰ ਸਿੰਘ ਗੋਲਡੀ ਨੂੰ ਚੇਅਰਮੈਨ ਤੇ ਦਲਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ । ਕੁੱਲ 26 ਮੈਂਬਰੀ ਟੀਮ ਚੁਣੀ ਗਈ ।

Leave a Comment

Your email address will not be published. Required fields are marked *

Scroll to Top