ਪਿੰਡ ਰੌਂਗਲਾ ਵਿਖੇ ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਪਿੰਡ ਰੌਂਗਲਾ ਵਿਖੇ ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
ਪਟਿਆਲਾ, 10 ਨਵੰਬਰ : ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਗੁਣਵੱਤਾ ਸਬੰਧੀ ਜਾਗਰੂਕ ਕਰਨ ਤੇ ਪੰਜਾਬ ਸਰਕਾਰ ਵੱਲੋਂ ਡੇਅਰੀ ਫਾਰਮ ਦਾ ਕਿੱਤਾ ਸ਼ੁਰੂ ਕਰਨ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹੇ ਭਰ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ । ਇਸੇ ਲੜੀ ਤਹਿਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਦਲਬੀਰ ਕੁਮਾਰ ਦੀ ਅਗਵਾਈ ਵਿੱਚ ਪਿੰਡ ਰੌਂਗਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਲਬੀਰ ਕੁਮਾਰ ਵੱਲੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਦੋ ਹਫ਼ਤੇ ਤੇ ਚਾਰ ਹਫ਼ਤੇ ਦੀ ਸਿਖਲਾਈ, 2 ਤੋਂ 20 ਪਸੂਆਂ ਤੱਕ ਡੀ. ਡੀ.-8 ਕਰਜ਼ਾ ਸਕੀਮ ਤਹਿਤ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ । ਮਿਲਕਫੈੱਡ ਦੇ ਸਾਬਕਾ ਖਰੀਦ ਮੈਨੇਜਰ ਗੁਰਮੇਲ ਸਿੰਘ ਰਠੌਰ ਵੱਲੋਂ ਦੁੱਧ ਦੀ ਫੈਟ, ਐਸਐਨਐੱਫ਼ ਦੇ ਘਟਣ ਵਧਣ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਦੁੱਧ ਤੋਂ ਪਦਾਰਥ ਬਣਾਉਣ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਡੇਅਰੀ ਵਿਕਾਸ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪਸ਼ੂ ਬੀਮਾ ਸਕੀਮ, ਫੀਡ ਅਤੇ ਫੌਡਰ ਸਕੀਮ ਅਤੇ ਸਾਰਾ ਸਾਲ ਹਰੇ ਚਾਰੇ ਦੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ । ਡਾ. ਮੋਹਨ ਸ਼ਰਮਾ, ਨੇ ਪਸ਼ੂਆਂ ਦੀ ਬਿਮਾਰੀਆਂ ਦੀ ਰੋਕਥਾਮ ਅਤੇ ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ ਬਾਰੇ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ । ਡੇਅਰੀ ਵਿਕਾਸ ਇੰਸਪੈਕਟਰ ਲਖਮੀਰ ਸਿੰਘ ਵੱਲੋਂ ਸਾਫ਼ ਦੁੱਧ ਦੀ ਪੈਦਾਵਾਰ ਅਤੇ ਕੈਟਲਸ਼ੈੱਡ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੈਂਪ ਦਾ ਇੰਤਜ਼ਾਮ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਵਿਭਾਗ ਦੀ ਦੋ ਹਫ਼ਤੇ ਸਿਖਲਾਈ ਮਿਤੀ 09-12-2024 ਨੂੰ ਚਲਾਈ ਜਾਵੇਗੀ । ਚਾਹਵਾਨ ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਖੇ ਸੰਪਰਕ ਕਰ ਸਕਦੇ ਹਨ । ਇਸ ਮੌਕੇ ਪਿੰਡ ਰੋਂਗਲਾ ਦੇ ਮੁਹਤਬਰ ਵਿਅਕਤੀਆਂ ਨੇ ਡੇਅਰੀ ਵਿਕਾਸ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ ਤਾਂ ਜੋ ਦੁੱਧ ਉਤਪਾਦਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ ।

Leave a Comment

Your email address will not be published. Required fields are marked *

Scroll to Top