ਪਾਣੀ ਦੀ ਖਾਲ ਨੂੰ ਲੈ ਕੇ ਗਿੱਦੜਬਾਹਾ ਨੇੜੇ ਦੋ ਧਿਰਾਂ ਦੀ ਟਕਰਾਅ ’ਚ ਦੋ ਦੀ ਮੌਤ

ਗਿੱਦੜਬਾਹਾ, 7 ਫਰਵਰੀ : ਗਿੱਦੜਬਾਹਾ ਉਪ-ਮੰਡਲ ਦੇ ਕੋਠੇ ਦਸ਼ਮੇਸ਼ ਨਗਰ ਖੇਤਰ ਵਿੱਚ ਬੀਤੇ ਦਿਨੀ ਖੇਤਾਂ ਵਿਚ ਪਾਣੀ ਦੀ ਖਾਲ ਨੂੰ ਲੈ ਕੇ ਹੋਏ ਵਿਵਾਦ ਨੇ ਖੂਨੀ ਰੂਪ ਧਾਰ ਲਿਆ, ਜਿਸ ਕਾਰਨ ਦੋ ਧਿਰਾਂ ਵਿਚਾਲੇ ਹੋਈ ਝੜਪ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ ਦਸਿਆ ਕਿ ਦੋਵਾਂ ਧਿਰਾਂ ਵਿਚਕਾਰ ਖਾਲ ਦੇ ਇਸਤੇਮਾਲ ਨੂੰ ਲੈ ਕੇ ਕਾਫੀ ਸਮੇਂ ਤੋਂ ਤਣਾਅ ਬਣਿਆ ਹੋਇਆ ਸੀ। ਸ਼ੁੱਕਰਵਾਰ ਰਾਤ ਨੂੰ ਜਦੋਂ ਖਾਲ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਜੀ ਧਿਰ ਵੱਲੋਂ ਇਸਦਾ ਵਿਰੋਧ ਕੀਤਾ ਗਿਆ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ।
ਤਕਰਾਰ ਕੁੱਝ ਹੀ ਸਮੇਂ ਵਿੱਚ ਗੰਭੀਰ ਟਕਰਾਅ ਵਿੱਚ ਤਬਦੀਲ ਹੋ ਗਈ ਅਤੇ ਦੋਵਾਂ ਪਾਸਿਆਂ ਤੋਂ ਹਮਲੇ ਹੋਏ। ਸੂਤਰਾਂ ਅਨੁਸਾਰ ਝਗੜੇ ਦੌਰਾਨ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਹੋਈ ਹੈ, ਜਿਸ ਨਾਲ ਸਥਿਤੀ ਹੋਰ ਵੀ ਵਿਗੜ ਗਈ।

ਇਸ ਘਟਨਾ ਵਿੱਚ ਪਿੰਡ ਕੋਟਭਾਈ ਦੇ ਨਿਰਮਲ ਸਿੰਘ ਅਤੇ ਕੋਠੇ ਦਸ਼ਮੇਸ਼ ਨਗਰ ਦੇ ਬਲਜੀਤ ਸਿੰਘ, ਜੋ ਇਲਾਕੇ ਵਿੱਚ ਖੇਤੀਬਾੜੀ ਨਾਲ ਸੰਬੰਧਤ ਸਨ, ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਵਲੋ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Scroll to Top