ਪਾਕਿਸਤਾਨ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਸਫਾਈ ਸੇਵਕ ਗ੍ਰਿਫਤਾਰ

ਚੰਡੀਗੜ, 29 ਅਕਤੂਬਰ 2025 : ਪਾਕਿਸਤਾਨ ਨੂੰ ਜਾਸੂਸੀ ਕਰਕੇ ਆਰਮੀ ਏਰੀਆ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਸਾਂਝੀ ਕਰ ਰਹੇ ਇਕ ਸਫਾਈ ਕਰਮਚਾਰੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਸੀਨੀਅਰ ਕਪਤਾਨ ਪੁਲਿਸ (SSP) ਕਪੂਰਥਲਾ, ਗੌਰਵ ਤੂਰਾ IPS ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਨੇ ਜਾਸੂਸੀ ਦੇ ਦੋਸ਼ਾਂ ਤਹਿਤ ਕਪੂਰਥਲਾ ਆਰਮੀ ਕੈਂਟੋਨਮੈਂਟ ਵਿੱਚ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਾਜਾ ਵਜੋਂ ਹੋਈ ਹੈ ਅਤੇ ਉਹ ਕਪੂਰਥਲਾ ਜ਼ਿਲ੍ਹੇ ਦੇ ਮੁਸ਼ਕਵੇਦ ਦਾ ਰਹਿਣ ਵਾਲਾ ਹੈ, ਜਿਸ ਨੂੰ ਰੁਟੀਨ ਗਸ਼ਤ ਅਤੇ ਚੈਕਿੰਗ ਦੌਰਾਨ ਕੰਜਲੀ ਦੇ ਵਾਈ-ਪੁਆਇੰਟ ਨੇੜੇ ਹਿਰਾਸਤ ਵਿੱਚ ਲਿਆ ਗਿਆ।

SSP ਅਨੁਸਾਰ ਰਾਜਾ ਕੰਟਰੈਕਟ ਦੇ ਆਧਾਰ ‘ਤੇ ਆਰਮੀ ਕੈਂਟੋਨਮੈਂਟ ਦੇ ਅੰਦਰ ਇੱਕ ਪ੍ਰਾਈਵੇਟ ਸੈਨੇਟਰੀ ਵਰਕਰ ਵਜੋਂ ਕੰਮ ਕਰਦਾ ਸੀ। ਉਸ ਨੂੰ ਫੜਨ ਸਮੇਂ ਪੁਲੀਸ ਨੇ ਉਸਦੇ ਮੋਬਾਈਲ ਫੋਨ ਦੀ ਤਲਾਸ਼ੀ ਲਈ ਅਤੇ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਸੰਪਰਕਾਂ ਨਾਲ ਗੱਲਬਾਤ ਦੇ ਸਬੂਤ ਮਿਲੇ।

ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਦੋਸ਼ੀ ਆਰਮੀ ਦੇ ਪ੍ਰਤਿਬੰਧਿਤ ਖੇਤਰਾਂ ਦੀਆਂ ਤਸਵੀਰਾਂ ਭੇਜ ਰਿਹਾ ਸੀ ਅਤੇ ਫੌਜੀ ਅਦਾਰਿਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ, ਜਿਸਦੇ ਉਸਨੂੰ ਪੈਸੇ ਮਿਲਦੇ ਸਨ। ਹੁਣ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

Scroll to Top