ਪਟਿਆਲਾ, 8 ਜੁਲਾਈ-ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਰਾਜ ਭਰ ਦੇ ਮੁੱਕੇਬਾਜ਼ੀ ਕੋਚਾਂ ਲਈ ਪਹਿਲਾ ਪੰਜ ਦਿਨਾ ਰਿਫਰੈਸ਼ਰ ਕੋਰਸ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਵਿਖੇ ਸ਼੍ਰੀ ਟੀ.ਐਲ. ਗੁਪਤਾ, ਮੁੱਖ ਕੋਚ ਅਤੇ ਭਾਰਤੀ ਮੁੱਕੇਬਾਜ਼ੀ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਇਹ ਕੋਰਸ 8 ਤੋਂ 13 ਜੁਲਾਈ 2025 ਚੱਲੇਗਾ।
ਇਸ ਕੋਰਸ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਰੰਧਾਵਾ, ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਸਪੋਰਟਸ ਡਾ. ਮਨਿੰਦਰਪਾਲ ਕੌਰ, ਦਰੋਣਾਚਾਰੀਆ ਪੁਰਸਕਾਰ ਪ੍ਰਾਪਤ ਅਤੇ ਡਾਇਰੈਕਟਰ (ਸਿਖਲਾਈ), ਖੇਡ ਵਿਭਾਗ, ਪੰਜਾਬ ਸ਼੍ਰੀ ਜੀਵਨਜੋਤ ਸਿੰਘ ਤੇਜਾ ਨੇ ਸਿ਼ਰਕਤ ਕੀਤੀ।
ਦਰੋਣਾਚਾਰੀਆ ਐਵਾਰਡੀ ਕੋਚ ਜੀਵਨਜੋਤ ਸਿੰਘ ਤੇਜਾ ਨੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਕਿਹਾ ਕਿ ਵਿਭਾਗੀ ਕੋਚਾਂ ਦੇ ਹੁਨਰ ਨੂੰ ਅਪਗ੍ਰੇਡ ਕਰਨਾ ਇੱਕ ਮਜ਼ਬੂਤ ਖੇਡ ਵਾਤਾਵਰਣ ਪ੍ਰਣਾਲੀ ਬਣਾਉਣ ਦੀ ਨੀਂਹ ਰੱਖਣ ਵਾਂਗ ਹੈ। ਉਨ੍ਹਾਂ ਦੱਸਿਆ ਕਿ ਇਹ ਮੁੱਕੇਬਾਜ਼ੀ ਕੋਰਸ ਸਿਰਫ਼ ਸ਼ੁਰੂਆਤ ਹੈ। ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਖੇਡਾਂ ਦੇ ਵਿਸ਼ੇਸ਼ ਰਿਫਰੈਸ਼ਰ ਕੋਰਸ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੋਚਿੰਗ ਇੱਕ ਜੀਵਨ ਭਰ ਸਿਖਦੇ ਰਹਿਣ ਵਾਲ਼ੀ ਯਾਤਰਾ ਹੈ। ਕੋਚਾਂ ਨੂੰ ਆਪਣੇ ਹੁਨਰ ਦਾ ਵਿਕਾਸ ਕਰਦਿਆਂ ਆਪਣੇ ਆਖਰੀ ਸਾਹ ਤੱਕ ਹੋਰ ਵਧੇਰੇ ਉੱਤਮਤਾ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਸ਼ਖ਼ਸੀਅਤਾਂ ਵੱਲੋਂ ਇਸ ਕਦਮ ਦੀ ਸ਼ਲਾਘਾ ਕੀਤੀ ਗਈ।
ਜਿ਼ਕਰਯੋਗ ਹੈ ਕਿ ਇਸ ਰਿਫ਼ਰੈਸ਼ਰ ਕੋਰਸ ਦੌਰਾਨ ਮੁੱਕੇਬਾਜ਼ੀ ਵਿੱਚ ਆਧੁਨਿਕ ਵਿਗਿਆਨਕ ਸਿਖਲਾਈ ਵਿਧੀਆਂ ਦੀ ਜਾਣ-ਪਛਾਣ ਕਰਵਾਉਂਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਫੈਡਰੇਸ਼ਨਾਂ ਨਾਲ਼ ਸਬੰਧਤ ਨਿਯਮਾਂ ਅਤੇ ਤਕਨੀਕਾਂ ਬਾਰੇ ਨਵੀਨਤਮ ਅਪਡੇਟਸ ਬਾਰੇ ਸਿਖਲਾਈ ਦਿੱਤੀ ਜਾਣੀ ਹੈ। ਖੇਡਾਂ ਵਿੱਚ ਸੱਟ ਦੀ ਰੋਕਥਾਮ ਅਤੇ ਪੁਨਰਵਾਸ ‘ਤੇ ਵੀ ਵਿਸ਼ੇਸ਼ ਸੈਸ਼ਨ ਹੋਵੇਗਾ। ਉੱਚ-ਪ੍ਰਦਰਸ਼ਨ ਵਾਲੇ ਐਥਲੀਟਾਂ ਲਈ ਪੋਸ਼ਣ ਅਤੇ ਰਿਕਵਰੀ ਪ੍ਰੋਟੋਕੋਲ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਵੀਡੀਓ ਵਿਸ਼ਲੇਸ਼ਣ ਟੂਲਜ਼ ਅਤੇ ਪ੍ਰਦਰਸ਼ਨ ਮੁਲਾਂਕਣ ਪ੍ਰਣਾਲੀਆਂ ਦੀ ਸੁਵਰਤੋਂ ਬਾਰੇ ਵੀ ਸਿਖਲਾਈ ਦਿੱਤੀ ਜਾਣੀ ਹੈ।