ਪਟਿਆਲਾ, 1 ਫਰਵਰੀ – ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਪਰਵਾਸੀ ਪੰਜਾਬੀ ਨਾਵਲ ਦੇ ਹਵਾਲੇ ਨਾਲ਼ ਪਰਵਾਸ ਅਤੇ ਮੂਲਵਾਸ ਦੇ ਆਪਸੀ ਸਬੰਧਾਂ ਬਾਰੇ ਅਹਿਮ ਨੁਕਤੇ ਸਾਹਮਣੇ ਆਏ ਹਨ।
‘ਪਰਵਾਸੀ ਪੰਜਾਬੀ ਨਾਵਲ ਵਿੱਚ ਮੂਲਵਾਸ ਅਤੇ ਪਰਵਾਸ ਦੇ ਅੰਤਰ-ਸੰਵਾਦ’ ਸਿਰਲੇਖ ਤਹਿਤ ਇਹ ਅਧਿਐਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਡਾ. ਗੁਰਮੁਖ ਸਿੰਘ ਦੀ ਅਗਵਾਈ ਵਿੱਚ ਖੋਜਾਰਥੀ ਡਾ. ਮਨਿੰਦਰ ਕੌਰ ਵੱਲੋਂ ਕੀਤਾ ਗਿਆ ਹੈ।
ਡਾ. ਗੁਰਮੁਖ ਸਿੰਘ ਨੇ ਦੱਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਏ ਵੱਖ-ਵੱਖ ਨੁਕਤਿਆਂ ਵਿੱਚੋਂ ਇੱਕ ਅਹਿਮ ਨੁਕਤਾ ਇਹ ਹੈ ਕਿ ਪਰਵਾਸੀ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਆਰਥਿਕ ਤੌਰ ‘ਤੇ ਤਾਂ ਨਵੇਂ ਦੇਸ਼ ਨਾਲ ਜੁੜ ਜਾਂਦੀ ਹੈ, ਪਰ ਮਾਨਸਿਕ ਅਤੇ ਸੱਭਿਆਚਾਰਕ ਤੌਰ ‘ਤੇ ਉਹ ਅੱਜ ਵੀ ਆਪਣੇ ਮੂਲਵਾਸ (ਪੰਜਾਬ) ਦੀਆਂ ਕਦਰਾਂ-ਕੀਮਤਾਂ ਅਤੇ ਰਸਮ-ਰਿਵਾਜਾਂ ਨਾਲ ਜੁੜੀ ਹੋਈ ਹੈ। ਇਹ ਪੀੜ੍ਹੀ ਇੱਕ ਅਜਿਹੀ ‘ਦੋਹਰੀ ਜ਼ਿੰਦਗੀ’ ਜਿਊਂਦੀ ਹੈ ਜਿੱਥੇ ਉਹ ਬਾਹਰਲੇ ਸਮਾਜ ਵਿੱਚ ਵਿਚਰਦਿਆਂ ਵੀ ਅੰਦਰੂਨੀ ਤੌਰ ‘ਤੇ ਆਪਣੀ ਵੱਖਰੀ ਸ਼ਨਾਖ਼ਤ ਨੂੰ ਤਰਜੀਹ ਦਿੰਦੀ ਹੈ। ਇਸ ਦੇ ਉਲਟ, ਦੂਜੀ ਪੀੜ੍ਹੀ, ਜੋ ਉੱਥੇ ਹੀ ਜੰਮੀ-ਪਲੀ ਹੈ, ਅਲਹਿਦਗੀ ਦੀ ਬਜਾਏ ਨਵੇਂ ਸਮਾਜ ਵਿੱਚ ਰਲ਼ ਜਾਣ ਨੂੰ ਮਹੱਤਵ ਦਿੰਦੀ ਹੈ, ਜਿਸ ਕਾਰਨ ਅਕਸਰ ਪਰਿਵਾਰਾਂ ਵਿੱਚ ਵਿਚਾਰਧਾਰਕ ਟਕਰਾਅ ਦੇਖਣ ਨੂੰ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਪਰਵਾਸ ਅਜੋਕੇ ਸਮੇਂ ਦਾ ਇੱਕ ਵਿਆਪਕ ਵਰਤਾਰਾ ਬਣ ਚੁੱਕਾ ਹੈ। ਇਸ ਗੁੰਝਲਦਾਰ ਵਿਸ਼ੇ ਨੂੰ ਸਮਝਣ ਲਈ ਕੀਤੇ ਗਏ ਇਸ ਅਧਿਐਨ ਰਾਹੀਂ ਪਰਵਾਸੀ ਪੰਜਾਬੀਆਂ ਦੀਆਂ ਸਮਾਜਿਕ, ਮਾਨਸਿਕ ਅਤੇ ਸੱਭਿਆਚਾਰਕ ਪਰਤਾਂ ਨੂੰ ਉਭਾਰਿਆ ਗਿਆ ਹੈ। ਇਹ ਖੋਜ ਕਾਰਜ ਪਰਵਾਸ ਨੂੰ ਇੱਕ ‘ਤਿੰਨ-ਧਰੁਵੀ ਸੰਵਾਦ’ ਵਜੋਂ ਪਰਿਭਾਸ਼ਿਤ ਕਰਦਾ ਹੈ, ਜਿਸ ਵਿੱਚ ਮੂਲਵਾਸ, ਪਰਵਾਸ ਅਤੇ ਪਰਵਾਸੀ ਭਾਈਚਾਰਾ ਇੱਕ-ਦੂਜੇ ਨਾਲ਼ ਨਿਰੰਤਰ ਸੰਵਾਦ ਵਿੱਚ ਹਨ।
ਡਾ. ਮਨਿੰਦਰ ਕੌਰ ਨੇ ਦੱਸਿਆ ਕਿ ਖੋਜ ਦਾ ਇੱਕ ਅਹਿਮ ਪਹਿਲੂ ਔਰਤ ਪਾਤਰਾਂ ਦਾ ਵਿਸ਼ਲੇਸ਼ਣ ਹੈ। ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮਰਦਾਂ ਦੇ ਮੁਕਾਬਲੇ ਪੰਜਾਬੀ ਔਰਤਾਂ ਨੇ ਪਰਵਾਸ ਦੌਰਾਨ ਸੱਭਿਆਚਾਰਕ ਤਬਦੀਲੀਆਂ ਨੂੰ ਵਧੇਰੇ ਸਾਰਥਕ ਤਰੀਕੇ ਨਾਲ ਅਪਣਾਇਆ ਹੈ। ਪਰਵਾਸ ਨੇ ਔਰਤਾਂ ਨੂੰ ਪਿੱਤਰਸੱਤਾ ਦੀਆਂ ਬੇੜੀਆਂ ਤੋੜਨ ਅਤੇ ਆਪਣੀ ਸੁਤੰਤਰ ਪਛਾਣ ਬਣਾਉਣ ਦਾ ਮੌਕਾ ਦਿੱਤਾ ਹੈ। ‘ਕਿਟੀ ਮਾਰਸ਼ਲ’ ਅਤੇ ‘ਸਰਘੀ’ ਵਰਗੇ ਨਾਵਲਾਂ ਦੀਆਂ ਪਾਤਰਾਂ ਇਸ ਨਵੀਂ ਚੇਤਨਾ ਅਤੇ ਆਤਮ-ਵਿਸ਼ਵਾਸ ਦੀਆਂ ਪ੍ਰਤੀਕ ਹਨ। ਉਨ੍ਹਾਂ ਦੱਸਿਆ ਕਿ ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਪਰਵਾਸੀ ਪੰਜਾਬੀ ਨਾਵਲ ਹੁਣ ਕੇਵਲ ਪਿਛੋਕੜ ਦੀ ਯਾਦ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਹ ਨਸਲਵਾਦ, ਨਵੀਂ ਪੀੜ੍ਹੀ ਦੇ ਦਵੰਦ, ਆਰਥਿਕ ਸ਼ੋਸ਼ਣ ਅਤੇ ਔਰਤ ਦੀ ਨਵੀਂ ਪਛਾਣ ਵਰਗੇ ਗੰਭੀਰ ਮਸਲਿਆਂ ਨਾਲ ਸੰਵਾਦ ਰਚਾ ਰਿਹਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਰਵਾਸ ਅੱਜ ਦੇ ਦੌਰ ਦੀ ਇੱਕ ਅਜਿਹੀ ਹਕੀਕਤ ਹੈ ਜਿਸ ਨੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੇ ਮੁਹਾਂਦਰੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਖੁਸ਼ੀ ਦੀ ਗੱਲ ਹੈ ਕਿ ਸਾਡੇ ਖੋਜਾਰਥੀਆਂ ਨੇ ਪਰਵਾਸੀ ਪੰਜਾਬੀ ਨਾਵਲ ਦੇ ਮਾਧਿਅਮ ਰਾਹੀਂ ਉਨ੍ਹਾਂ ਬਰੀਕ ਮਾਨਸਿਕ ਅਤੇ ਸਮਾਜਿਕ ਤੰਦਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਅਕਸਰ ਅੰਕੜਿਆਂ ਦੀ ਭੀੜ ਵਿੱਚ ਗੁਆਚ ਜਾਂਦੀਆਂ ਹਨ।