ਪਟਿਆਲਾ ਲੋਕ ਸਭਾ ਹਲਕੇ ‘ਚ ਵੋਟਰਾਂ ਨੇ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ

ਪਟਿਆਲਾ ਲੋਕ ਸਭਾ ਹਲਕੇ ‘ਚ ਵੋਟਰਾਂ ਨੇ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ
-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੋਟਰਾਂ ਦਾ ਧੰਨਵਾਦ
-ਚੋਣ ਕਮਿਸ਼ਨ ਵੱਲੋਂ ਨਿਯੁਕਤ ਨਿਗਰਾਨਾਂ, ਡੀ.ਆਈ.ਜੀ., ਜ਼ਿਲ੍ਹਾ ਚੋਣ ਅਫ਼ਸਰ ਤੇ ਐਸ.ਐਸ.ਪੀ. ਵੱਲੋਂ ਪੋਲਿੰਗ ਬੂਥਾਂ ਦੇ ਦੌਰੇ
-ਗਰਮੀ ਦੇ ਬਾਵਜੂਦ ਲੰਮੀਆਂ ਕਤਾਰਾਂ ‘ਚ ਲੱਗਕੇ ਵੋਟਰਾਂ ਨੇ ਭਾਰੀ ਉਤਸ਼ਾਹ ਤੇ ਅਮਨ-ਅਮਾਨ ਨਾਲ ਪਾਈਆਂ ਵੋਟਾਂ
-ਮਾਡਲ ਪੋਲਿੰਗ ਬੂਥਾਂ ‘ਤੇ ਵ੍ਹੀਲ ਚੇਅਰ, ਪੀਣ ਵਾਲੇ ਪਾਣੀ ਸਮੇਤ ਵੋਟਰਾਂ ਨੂੰ ਪ੍ਰਦਾਨ ਕੀਤੀਆਂ ਸਹੂਲਤਾਂ
-ਮਹਿਲਾਵਾਂ ਲਈ ਵੱਖਰੇ ਬੂਥ, ਸੈਲਫ਼ੀ ਪੁਆਇੰਟ ਤੇ ਛੋਟੇ ਬੱਚਿਆਂ ਲਈ ਕ੍ਰੈਚ ਰਹੇ ਖਿਚ ਦਾ ਕੇਂਦਰ
– ਦਿਵਿਆਂਗ ਵੋਟਰਾਂ, ਛੋਟੇ ਬੱਚਿਆਂ ਦੀਆਂ ਮਾਵਾਂ ਤੇ ਬਜ਼ੁਰਗਾਂ ਦੀ ਸਹੂਲਤ ਲਈ ਤਤਪਰ ਰਹੇ ਵਲੰਟੀਅਰਾਂ, ਆਸ਼ਾ ਤੇ ਆਂਗਣਵਾੜੀ ਵਰਕਰ
ਪਟਿਆਲਾ, 1 ਜੂਨ :
ਲੋਕ ਸਭਾ ਹਲਕਾ ਪਟਿਆਲਾ-13 ਲਈ ਅੱਜ ਪਈਆਂ ਵੋਟਾਂ ਦੌਰਾਨ ਗਰਮੀ ਦੇ ਬਾਵਜੂਦ ਭਾਰੀ ਉਤਸ਼ਾਹ ਦਿਖਾਉਂਦਿਆਂ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਮੁੱਚੀ ਚੋਣ ਪ੍ਰਕ੍ਰਿਆ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹ ਗਈ। ਸਵੇਰੇ 7 ਵਜੇ ਸ਼ੁਰੂ ਹੋਏ ਮਤਦਾਨ ਦਾ ਸਮਾਂ ਬੇਸ਼ੱਕ ਸ਼ਾਮ 6 ਵਜੇ ਤੱਕ ਸੀ ਪਰੰਤੂ ਵੋਟਰਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਈ ਪੋਲਿੰਗ ਲੋਕੇਸ਼ਨਾਂ ਅੰਦਰ ਵੋਟ ਪਰਚੀ ਲੈਕੇ ਦਾਖਲ ਹੋਏ ਵੋਟਰਾਂ ਨੇ ਦੇਰ ਸ਼ਾਮ ਤੱਕ ਆਪਣੀਆਂ ਵੋਟਾਂ ਦਾ ਭੁਗਤਾਨ ਕਤਾਰਾਂ ‘ਚ ਲੱਗਕੇ ਕੀਤਾ।
ਇਸੇ ਦੌਰਾਨ ਜਨਰਲ ਅਬਜ਼ਰਵਰ ਓਮ ਪ੍ਰਕਾਸ਼ ਬਕੋੜੀਆ, ਪੁਲਿਸ ਅਬਜ਼ਰਵਰ ਆਮਿਰ ਜਾਵੇਦ ਤੇ ਖ਼ਰਚਾ ਅਬਜ਼ਰਵਰ ਮੀਤੂ ਅਗਰਵਾਲ ਨੇ ਪੂਰੇ ਲੋਕ ਸਭਾ ਹਲਕੇ ਅੰਦਰ ਚੋਣ ਪ੍ਰਕ੍ਰਿਆ ‘ਤੇ ਨਜ਼ਰ ਰੱਖਣ ਲਈ ਵੱਖੋ-ਵੱਖਰੇ ਤੌਰ ‘ਤੇ ਕਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਵੋਟਰਾਂ ਨੂੰ ਮਿਲਕੇ ਉਨ੍ਹਾਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ ਅਤੇ ਪੋਲਿੰਗ ਏਜੰਟਾਂ ਤੇ ਚੋਣ ਅਮਲੇ ਨਾਲ ਵੀ ਗੱਲਬਾਤ ਕੀਤੀ। ਜਦੋਂਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਖ਼ੁਦ ਕਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਇਸੇ ਦੌਰਾਨ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਵੀ ਕਈ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਚੋਣ ਅਮਲ ਮੌਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਸ਼ੌਕਤ ਅਹਿਮਦ ਪਰੇ ਨੇ ਵੋਟਰਾਂ ਵੱਲੋਂ ਅਮਨ-ਅਮਾਨ ਤੇ ਸ਼ਾਂਤੀਪੂਰਵਕ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਲਈ ਪਾਏ ਗਏ ਯੋਗਦਾਨ ਲਈ ਸਮੂਹ ਵੋਟਰਾਂ ਅਤੇ ਚੋਣ ਅਤੇ ਸੁਰੱਖਿਆ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਅੰਦਰ ਵੋਟਰਾਂ ਨੇ ਜਮਹੂਰੀਅਤ ਪ੍ਰਤੀ ਸ਼ਰਧਾ ਵਿਖਾਉਂਦਿਆਂ ਅਮਨ ਪੂਰਵਕ ਲੰਮੀਆਂ ਕਤਾਰਾਂ ‘ਚ ਲੱਗਕੇ ਵੋਟਾਂ ਪਾਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਪੂਰਾ ਚੋਣ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਤੋਂ ਕਰੀਬ 10000 ਦੇ ਕਰੀਬ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੋਲਿੰਗ ਬੂਥਾਂ ‘ਤੇ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਤੇ ਪੋਲਿੰਗ ਅਫ਼ਸਰਾਂ ਦੀ ਪਾਰਟੀ ਬਣਾ ਕੇ ਭੇਜਿਆ ਗਿਆ ਜਦਕਿ ਚੋਣ ਪ੍ਰਕ੍ਰਿਆ ‘ਤੇ ਤਿੱਖੀ ਨਜ਼ਰ ਰੱਖਣ ਲਈ ਮਾਈਕਰੋ ਅਬਜ਼ਰਵਰ ਵੀ ਲਗਾਏ ਗਏ ਸਨ। ਚੋਣ ਅਮਲੇ ਵੱਲੋਂ ਸਵੇਰੇ 6 ਵਜੇ ਚੋਣ ਏਜੰਟਾਂ ਦੀ ਹਾਜ਼ਰੀ ‘ਚ ਈ.ਵੀ.ਐਮਜ ‘ਤੇ ‘ਮੌਕ ਪੋਲ’ ਕਰਵਾਈ ਗਈ ਅਤੇ ਸਹੀ 7 ਵਜੇ ਚੋਣ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਸੀ।
ਦਿਵਿਆਂਗ ਵੋਟਰਾਂ ਅਤੇ ਬਜ਼ੁਰਗ ਵਿਅਕਤੀਆਂ ਨੂੰ ਵੋਟ ਪਾਉਣ ਲਈ ਪਹਿਲ ਦੇਣ ਸਮੇਤ ਸਥਾਪਤ ਕੀਤੇ ਗਏ ਮਾਡਲ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਲਈ ਸਵਾਗਤੀ ਬੋਰਡ, ਕਾਰਪੈਟ, ਪੀਣ ਵਾਲੇ ਪਾਣੀ ਤੇ ਹੋਰ ਸਹੂਲਤਾਂ ਦੇਣ ਸਮੇਤ ਅੰਗਹੀਣਾਂ ਲਈ ਵ੍ਹੀਲ-ਚੇਅਰਾਂ ਲਗਾਈਆਂ ਗਈਆਂ ਸਨ। ਇਸ ਤੋਂ ਬਿਨ੍ਹਾਂ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਆਪਣੀ ਵੋਟ ਪਾਉਣ ਲਈ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ। ਜਦਕਿ ਇਸਤਰੀਆਂ ਲਈ ਬਣਾਏ ਵਿਸ਼ੇਸ਼ ਪੋਲਿੰਗ ਬੂਥ, ਛੋਟੇ ਬੱਚਿਆਂ ਲਈ ਕ੍ਰੈਚ ਤੇ ਸੈਲਫ਼ੀ ਪੁਆਇੰਟ ਵੀ ਖਿੱਚ ਦਾ ਕੇਂਦਰ ਰਹੇ। ਇਸੇ ਦੌਰਾਨ ਕਈ ਪੋਲਿੰਗ ਸਟੇਸ਼ਨ ਯੂਨੀਕ ਪੋਲਿੰਗ ਸਟੇਸ਼ਨਾਂ ਵਜੋਂ ਖਿੱਚ ਦਾ ਕੇਂਦਰ ਰਹੇ, ਇਨ੍ਹਾਂ ਵਿੱਚ ਸਕੂਲ ਆਫ਼ ਐਮੀਨੈਂਸ ਫੀਲਖਾਨਾ ਪ੍ਰਮੁੱਖ ਸੀ।
ਇਸ ਦੌਰਾਨ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਤਿ ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਸੀ। ਸਮੂਹ ਪੋਲਿੰਗ ਬੂਥਾਂ ‘ਤੇ ਅਰਧ ਸੁਰੱਖਿਆ ਬਲਾਂ, ਆਰਮਡ ਪੁਲਿਸ ਤੇ ਪੀ.ਏ.ਪੀ. ਸਮੇਤ ਸਥਾਨਕ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਗਈ ਤੇ ਪੈਟਰੋਲਿੰਗ ਪਾਰਟੀਆਂ ਵੱਲੋਂ ਲਗਾਤਾਰ ਗਸ਼ਤ ਕੀਤੀ ਗਈ, ਇਸ ਤੋਂ ਬਿਨ੍ਹਾਂ ਮਾਈਕਰੋ ਆਬਜ਼ਰਵਰ, ਵੈਬ ਕਾਸਟਿੰਗ ਨਾਲ ਵੀ ਪੋਲਿੰਗ ਸਟੇਸ਼ਨਾਂ ‘ਤੇ ਨਿਗ੍ਹਾ ਰੱਖੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਪੁਆਉਣ ਦੀ ਪ੍ਰਕ੍ਰਿਆ ਸਮਾਪਤ ਹੋਣ ਉਪਰੰਤ ਈ.ਵੀ.ਐਮਜ. ਨੂੰ ਪੋਲਿੰਗ ਏਜੰਟਾਂ ਦੀ ਹਾਜ਼ਰੀ ‘ਚ ਸੀਲ ਕਰਕੇ ਸਟਰਾਂਗ ਰੂਮਾਂ ‘ਚ ਸੁਰੱਖਿਆ ਬਲਾਂ ਦੇ ਸਖ਼ਤ ਪਹਿਰੇ ਹੇਠ ਰਖਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਪਟਿਆਲਾ ਵਿਖੇ ਸਥਾਪਤ ਕੀਤੇ ਗਏ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਹੋਵੇਗੀ।

Leave a Comment

Your email address will not be published. Required fields are marked *

Scroll to Top