ਪਟਿਆਲਾ-ਪਿਹੋਵਾ ਰੋਡ ’ਤੇ ਭਿਆਨਕ ਸੜਕੀ ਹਾਦਸੇ ਵਿਚ ਦੋ ਨੌਜਵਾਨਾਂ ਦੀ ਹੋਈ ਮੌਕੇ ’ਤੇ ਮੌਤ
ਪਟਿਆਲਾ, 28 ਜੂਨ : ਪਟਿਆਲਾ-ਪਿਹੋਵਾ ਰੋਡ ’ਤੇ ਪਿੰਡ ਅਕਬਰਪੁਰ ਅਫਗਾਨਾ ਨੇੜੇ ਇੱਕ ਬੀ. ਐਮ. ਡਬਲਿਊ. ਕਾਰ ਅਤੇ ਕੈਂਟਰ ਵਿਚਾਲੇ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਰਾਏ ਸਾਹਿਬ ਵਾਸੀ ਪਿੰਡ ਰੋਹੜ ਜਗੀਰ ਨੇ ਥਾਣਾ ਜੁਲਕਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਸੰਦੀਪ ਸਿੰਘ ਆਪਣੇ ਦੋਸਤ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੋਹੜ ਜਗੀਰ ਆਪਣੀ ਬੀ.ਐਮ.ਡਬਲਿਊ. ਕਾਰ ’ਚ ਸਵਾਰ ਹੋ ਕੇ ਪਿੰਡ ਰੋਹੜ ਜਗੀਰ ਨੂੰ ਆ ਰਹੇ ਸੀ। ਲਗਪਗ ਸਵੇਰੇ ਤੜਕੇ 2 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਡੇਰਾ ਘੁਲੇ ਵਾਲਾ ਪਿੰਡ ਅਕਬਰਪੁਰ ਅਫਗਾਨਾ ਕੋਲ ਪੁੱਜੇ ਤਾਂ ਸਾਹਮਣੇ ਤੋਂ ਕਿਸੇ ਗੱਡੀ ਨੂੰ ਓਵਰਟੇਕ ਕਰ ਰਹੇ ਟਰਾਲੇ ਨੇ ਉਨ੍ਹਾਂ ਦੀ ਕਾਰ ਨੂੰ ਸਾਈਡ ਮਾਰ ਦਿੱਤੀ। ਸਿੱਟੇ ਵਜੋਂ ਕਾਰ ਬੇਕਾਬੂ ਹੋ ਕੇ ਇਕ ਹੋਰ ਟਰਾਲੇ ’ਚ ਜਾ ਵੱਜੀ ਤੇ ਕਾਰ ਸਵਾਰ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।