ਲੁਧਿਆਣਾ , 29 ਦਸੰਬਰ : ਬਰਨਾਲਾ ਚੌਂਕ ਨੇੜੇ ਸਥਿਤ ਇੱਕ ਨਿੱਜੀ ਹੋਟਲ ਦੇ ਕਮਰੇ ਵਿੱਚ ਪਿੰਡ ਜਲਾਲਦੀਵਾਲ ਦੇ ਇਕ ਨੌਜਵਾਨ ਨੇ ਰਾਤ ਸਮੇ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦਾ ਜਲਦ ਹੀ ਵਿਆਹ ਵੀ ਹੋਣ ਵਾਲਾ ਸੀ, ਜਿਸ ਕਾਰਨ ਪਰਿਵਾਰ ਅੰਦਰ ਭਾਰੀ ਸ਼ੋਕ ਦੀ ਲਹਿਰ ਦੌੜ ਪਈ ਹੈ।
ਜਾਣਕਾਰੀ ਦੇ ਅਨੁਸਾਰ ਮੁੱਢਲੀ ਜਾਂਚ ਅਨੁਸਾਰ ਨੌਜਵਾਨ ਨੇ ਆਪਣੀ ਨਿੱਜੀ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਦਾ ਵਿਆਹ ਕਰੀਬ ਦੋ ਹਫ਼ਤਿਆਂ ਬਾਅਦ, 16 ਜਨਵਰੀ ਨੂੰ ਤੈਅ ਕੀਤਾ ਹੋਇਆ ਸੀ।
ਦਸ ਦਈਏ ਕਿ ਉਕਤ ਨੌਜਵਾਨ ਰਾਤ ਦੇ ਸਮੇਂ ਆਪਣੀ ਕਾਰ ਵਿੱਚ ਹੋਟਲ ਪਹੁੰਚਿਆ ਸੀ ਅਤੇ ਇਕੱਲਾ ਹੀ ਕਮਰਾ ਲੈ ਕੇ ਠਹਿਰਿਆ ਹੋਇਆ ਸੀ। ਘਟਨਾ ਵੇਲੇ ਕਮਰਾ ਅੰਦਰੋਂ ਬੰਦ ਸੀ ਅਤੇ ਮੌਕੇ ਤੋਂ ਇੱਕ ਸ਼ਰਾਬ ਦੀ ਬੋਤਲ ਮਿਲਣ ਦੀ ਵੀ ਪੁਸ਼ਟੀ ਹੋਈ ਹੈ।ਪੁਲੀਸ ਅਨੁਸਾਰ ਹੋਟਲ ਕਰਮਚਾਰੀਆਂ ਵੱਲੋਂ ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਸੀ। ਅਧਿਕਾਰੀਆਂ ਵਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।