ਨਾਭਾ ਦੇ ਗਰਿੱਡ ਚੌਂਕ ਵਿਖੇ ਮੋਟਰਸਾਈਕਲ ਸਵਾਰ 12ਵੀਂ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ
ਨਾਭਾ : ਨਾਭਾ ਦੇ ਗਰਿੱਡ ਚੌਂਕ ਵਿਖੇ ਮੋਟਰਸਾਈਕਲ ਸਵਾਰ 12ਵੀਂ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ (18) ਵਜੋਂ ਹੋਈ ਹੈ ਜੋਕਿ ਟਿਊਸ਼ਨ ਪੜ੍ਹਨ ਲਈ ਪਿੰਡ ਪਾਲਿਆ ਤੋਂ ਆਪਣੇ ਦੋਸਤ ਨਾਲ ਨਾਭਾ ਵੱਲ ਆ ਰਿਹਾ ਸੀ ਤਾਂ ਅਚਾਨਕ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਕਾਰ ਨਾਲ ਟਕਰਾਉਣ ਤੋਂ ਬਾਅਦ ਮੋਟਰਸਾਈਕਲ ਪੀ. ਆਰ. ਟੀ. ਸੀ. ਦੀ ਬੱਸ ਦੇ ਹੇਠਾਂ ਜਾ ਵੜਿਆ। ਮ੍ਰਿਤਕ ਜਸਕਰਨ ਸਿੰਘ ਪਰਿਵਾਰ ਦਾ ਇਕਲੌਤਾ ਹੀ ਚਿਰਾਗ ਸੀ, ਜੋ ਹੁਣ ਬੁਝ ਚੁੱਕਾ ਹੈ। ਬੱਸ ਦੇ ਕੰਡਕਟਰ ਨੇ ਕਿਹਾ ਕਿ ਪਹਿਲਾਂ ਮੋਟਰਸਾਈਕਲ ਗੱਡੀ ’ਚ ਟਕਰਾ ਗਿਆ, ਉਸ ਤੋਂ ਬਾਅਦ ਬੱਸ ਦੇ ਅੱਗੇ ਆ ਗਿਆ। ਬੱਸ ਦਾ ਡਰਾਈਵਰ ਦੋਵੇਂ ਨੌਜਵਾਨਾਂ ਨੂੰ ਹਸਪਤਾਲ ਲੈ ਗਿਆ। ਨਾਭਾ ਕੋਤਵਾਲੀ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਇਹ ਹਾਦਸਾ ਕਿਵੇਂ ਵਾਪਰਿਆ, ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ।