ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨੇ ਤ੍ਰਿਪੜੀ ਇਲਾਕੇ ਵਿਖੇ ਸਾਫ਼-ਸਫ਼ਾਈ ਪ੍ਰਬੰਧਨ ਦੀ ਅਚਨਚੇਤ ਚੈਕਿੰਗ ਕੀਤੀ

ਪਟਿਆਲਾ, 31 ਜਨਵਰੀ : ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਨੇ ਤ੍ਰਿਪੜੀ ਏਰੀਏ ਵਿੱਚ ਸਾਫ਼-ਸਫ਼ਾਈ ਅਤੇ ਕੂੜਾ ਪ੍ਰਬੰਧਨ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਸ ਨਿਰੀਖਣ ਦਾ ਮੁੱਖ ਉਦੇਸ਼ ਇਸ ਇਲਾਕੇ ਵਿੱਚ ਸਫਾਈ ਵਿਵਸਥਾ ਦੀ ਸਮੀਖਿਆ ਕਰਨਾ ਅਤੇ ਕੂੜਾ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਂਚ ਕਰਨਾ ਸੀ।
ਦੀਪਜੋਤ ਕੌਰ ਨੇ ਦੱ‌ਸਿਆ ਕਿ ਇਸ ਚੈਕਿੰਗ ਦੌਰਾਨ ਖਾਸ ਤੌਰ ’ਤੇ ਏਰੀਏ ਦੀ ਸਾਫ਼-ਸਫਾਈ, ਘਰਾਂ ਤੋਂ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਕੂੜੇ ਨੂੰ ਵੱਖੋ-ਵੱਖ ਕਰਨ ’ਤੇ ਧਿਆਨ ਦਿੱਤਾ ਗਿਆ। ਉਨ੍ਹਾਂ ਨੇ ਮੌਕੇ ’ਤੇ ਮੌਜੂਦ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਕੂੜਾ ਦੀ ਰੇਹੜੀ ਵਾਲੇ ਨੂੰ ਸੌਂਪਣ।
ਦੀਪਜੋਤ ਕੌਰ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਸਖ਼ਤ ਵੀ ਹਦਾਇਤ ਦਿੱਤੀ ਕਿ ਕੂੜੇ ਨੂੰ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ ਅਤੇ ਆਪਣੇ ਆਲੇ-ਦੁਆਲੇ ਸਾਫ਼-ਸੁਥਰਾ ਵਾਤਾਵਰਨ ਬਣਾਈ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕੀਤਾ ਜਾਵੇ।
ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਵੱਲੋਂ ਸਾਫ਼-ਸਫਾਈ ਅਤੇ ਸੈਗਰੀਗੇਸ਼ਨ ਨੂੰ ਲਾਗੂ ਕਰਨ ਲਈ ਨਿਯਮਤ ਤੌਰ ’ਤੇ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦਾ ਮਕਸਦ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਬਣਾਉਣਾ ਹੈ, ਜਿਸ ਲਈ ਨਾਗਰਿਕਾਂ ਦੀ ਸਹਿਯੋਗ ਬਹੁਤ ਜ਼ਰੂਰੀ ਹ।
ਚੈਕਿੰਗ ਦੌਰਾਨ ਸੈਨੀਟੇਸ਼ਨ ਅਫ਼ਸਰ ਨਵਦੀਪ ਸ਼ਰਮਾ, ਏਰੀਏ ਦੇ ਸੈਨੇਟਰੀ ਇੰਸਪੈਕਟਰ ਹਰਵਿੰਦਰ ਸਿੰਘ, ਜਗਤਾਰ ਸਿੰਘ ਤੇ ਮੋਹਿਤ ਜਿੰਦਲ ਅਤੇ ਏਰੀਏ ਦੇ ਕੂੜਾ ਚੁੱਕਣ ਵਾਲੇ ਵੀ ਮੌਜੂਦ ਸਨ। ਟੀਮ ਨੇ ਸੜਕਾਂ, ਗਲੀਆਂ, ਸਰਵਜਨਕ ਥਾਵਾਂ ਅਤੇ ਕੂੜਾ ਇਕੱਠਾ ਕਰਨ ਦੇ ਪ੍ਰਬੰਧਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ।
Scroll to Top